ਫ਼ਰੀਦਕੋਟ: ਦਿਲ ਕੰਬਾਉ ਸੜਕ ਹਾਦਸੇ ਘੱਟ ਦਾ ਨਾਂ ਹੀ ਨਹੀਂ ਲੈ ਰਹੇ, ਆਏ ਦਿਨ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸ ਤਰ੍ਹਾਂ ਹੀ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਫਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ।(road accident between motorcycle and car)
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਲੇਵਾਲਾ ਨੇੜੇ ਗੋਲਡਨ ਪੈਲੇਸ ਕੋਲ ਇੱਕ ਆਈ.20 ਵਾਹਨ ਨੇ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ 'ਤੇ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਰਬਜੀਤ ਕੌਰ ਪਤਨੀ ਚੰਦ ਸਿੰਘ ਉਮਰ 45 ਸਾਲ, ਸੰਤ ਸਿੰਘ ਪੁੱਤਰ ਗੁਰਲਾਲ ਸਿੰਘ ਉਮਰ 11 ਅਤੇ ਗੁਰਕੀਰਤ ਪੁੱਤਰ ਗੁਰਦੇਵ ਸਿੰਘ ਉਮਰ 18 ਸਾਲ ਵਜੋਂ ਹੋਈ ਹੈ। ਹਾਦਸਾ ਸੀਸੀਟੀਵੀ ਵਿੱਚ ਕੈਦ ਹੋ ਗਿਆ।
ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਕਾਰ ਚਾਲਕ ਦੀ ਭਾਲ ਕਰ ਰਹੀ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਚੰਦ ਸਿੰਘ ਨੇ ਦੱਸਿਆ ਕਿ ਸੰਤ ਸਿੰਘ ਉਨ੍ਹਾਂ ਦਾ ਭਤੀਜਾ ਹੈ ਅਤੇ ਸੰਤ ਸਿੰਘ ਦੇ ਪਿਤਾ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਭੋਗ ਸ਼ੁੱਕਰਵਾਰ ਨੂੰ ਰੱਖੇ ਗਏ ਸਨ।
ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਸੰਤ ਸਿੰਘ ਦੇ ਢਿੱਡ ਵਿੱਚ ਤੇਜ਼ ਦਰਦ ਹੋ ਰਿਹਾ ਸੀ ਅਤੇ ਉਹ ਦਰਦ ਨਾਲ ਕੁਰਲਾ ਰਿਹਾ ਸੀ ਅਤੇ ਉਸ ਦੀ ਪਤਨੀ ਅਤੇ ਗੁਰਕੀਰਤ ਗੋਲੇਵਾਲਾ ਉਸ ਲਈ ਦਵਾਈ ਲੈਣ ਜਾ ਰਹੇ ਸਨ। ਉਦੋਂ ਦੂਜੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਚੰਦ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਕਾਫੀ ਤੇਜ਼ ਰਫਤਾਰ ਨਾਲ ਆ ਰਹੇ ਸਨ ਅਤੇ ਉਹ ਉਨ੍ਹਾਂ ਨੂੰ ਟੱਕਰ ਮਾਰ ਕੇ ਭੱਜ ਗਏ। ਜੇਕਰ ਉਹ ਰੁਕ ਕੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਪਤਨੀ ਦੀ ਜਾਨ ਬਚ ਸਕਦੀ ਸੀ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਰ ਸਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀ.ਐਸ.ਪੀ ਜਸਮੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਕਾਰ ਸਵਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਵਿਅਕਤੀ ਪਿੰਡ ਸੱਪਾਂਵਾਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਡਰਾ ਧਮਕਾ ਕੇ ਲੱਖਾਂ ਦੀ ਲੁੱਟ ਕੀਤੇ ਜਾਣ ਦੇ ਇਲਜ਼ਾਮ