ਫ਼ਰੀਦਕੋਟ: ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਹੁਣ ਦੋਹਾਂ ਦੀ ਨਵੀਂ ਫ਼ਿਲਮ 'ਰੱਬ ਦਾ ਰੇਡੀਓ 2' ਆ ਰਹੀ ਹੈ ਜਿਸ ਵਿੱਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮੀਕਾ ਨਿਭਾ ਰਹੇ ਹਨ। ਫ਼ਿਲਮ ਦੀ ਪ੍ਰੋਮੋਸ਼ਨ ਲਈ ਐਤਵਾਰ ਨੂੰ ‘ਰੱਬ ਦਾ ਰੇਡੀਓ 2’ ਦੀ ਟੀਮ ਫ਼ਰੀਦਕੋਟ ਦੇ ਬਾਬਾ ਫ਼ਰੀਦ ਲਾਅ ਕਾਲਜ ਪਹੁੰਚੀ।
ਇਸ ਮੌਕੇ ਫ਼ਿਲਮ ਦੇ ਹੀਰੋ ਤਰਸੇਮ ਜੱਸੜ ਨੇ ਕਿਹਾ ਕਿ ਰੱਬ ਦਾ ਰੇਡੀਓ ਦੇ ਦੂਜੇ ਭਾਗ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਪਹਿਲੇ ਭਾਗ ਦੀ ਕਹਾਣੀ ਖ਼ਤਮ ਹੋਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਫ਼ਿਲਮ ਦੇ ਸਾਰੇ ਕਿਰਦਾਰ ਪਹਿਲਾਂ ਵਾਲੇ ਹੀ ਹਨ।
ਫ਼ਿਲਮ ਨੂੰ ਲੈ ਕੇ ਅਦਾਕਾਰਾ ਸਿੰਮੀ ਚਾਹਲ ਨੇ ਕਿਹਾ ਕਿ `ਰੱਬ ਦਾ ਰੇਡੀਓ 2` ਦਾ ਟ੍ਰੇਲਰ ਪਹਿਲਾਂ ਹੀ ਲੋਕਾਂ 'ਚ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਜਾਨਣ ਲਈ ਉਤਸੁਕਤਾ ਵਧਾ ਚੁੱਕਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਕਹਾਣੀ ਇਸ ਵਾਰ ਵੀ ਲੋਕਾਂ 'ਤੇ ਆਪਣਾ ਪਹਿਲਾਂ ਵਰਗਾ ਪ੍ਰਭਾਵ ਛੱਡੇਗੀ। ਸਿੰਮੀ ਨੇ ਕਿਹਾ ਕਿ ਸਾਰੀ ਟੀਮ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰ ਫਿਰ ਉਸੀ ਖ਼ੂਬਸੂਰਤੀ ਨੂੰ ਦੁਹਰਾਇਆ ਜਾਵੇ।
ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਇਹ ਫ਼ਿਲਮ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਦੇ ਨਾਲ-ਨਾਲ ਪਰਿਵਾਰ ਦੇ ਰਿਸ਼ਤਿਆਂ ਅਤੇ ਮਾਣ 'ਤੇ ਕੇਂਦਰਿਤ ਹੋਵੇਗੀ।