ਫਰੀਦਕੋਟ: ਇਤਿਹਾਸਕ ਟਿੱਲਾ ਬਾਬਾ ਫ਼ਰੀਦ ਅਤੇ ਕਿਲਾ ਮੁਬਾਰਕ ਸਾਹਮਣੇ ਫ਼ਰੀਦਕੋਟ ਪ੍ਰਸ਼ਾਸਨ ਨੇ ਹੈਰੀਟੇਜ਼ ਸਟਰੀਟ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਪੰਜਾਬ ਸਰਕਾਰ ਨੇ ਬੀ ਐਂਡ ਆਰ ਵਿਭਾਗ ਨੂੰ ਸਰਵੇ ਕਰਕੇ ਤੁਰੰਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਇਥੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਹਿਬ ਨੇੜੇ ਬਣੀ ਹੈਰੀਟੇਜ਼ ਸਟਰੀਟ ਦੀ ਤਰਜ਼ 'ਤੇ ਵਿਰਾਸਤੀ ਗਲੀਆਂ ਤਿਆਰ ਕੀਤੀਆਂ ਜਾਣਗੀਆਂ। ਫ਼ਰੀਦਕੋਟ ਵਿੱਚ ਬਣਨ ਵਾਲੀ ਪੰਜਾਬ ਦੀ ਇਹ ਦੂਜੀ ਹੈਰੀਟੇਜ਼ ਸਟਰੀਟ ਹੋਵੇਗੀ।
ਫ਼ਰੀਦਕੋਟ ਦਾ ਇਤਿਹਾਸਕ ਕਿਲ੍ਹਾ ਜੋ ਬਾਰ੍ਹਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਸਾਹਮਣੇ ਰਿਆਸਤ ਸਮੇਂ ਬਕਾਇਦਾ ਹੈਰੀਟੇਜ਼ ਸਟਰੀਟ ਬਣੀ ਹੋਈ ਸੀ, ਪਰ ਸਮੇਂ ਦੇ ਨਾਲ ਨਾਲ ਇੱਥੇ ਬਣੀਆਂ ਇਤਿਹਾਸਕ ਇਮਾਰਤਾਂ ਢਹਿ ਢੇਰੀ ਹੋ ਗਈਆਂ। ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਹੈਰੀਟੇਜ ਪ੍ਰਾਜੈਕਟ ਲਈ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਨੂੰ ਬਿਨਾਂ ਦੇਰੀ ਮੁਕੰਮਲ ਕੀਤੇ ਜਾਣ ਦੀ ਉਮੀਦ ਹੈ।
ਬਾਬਾ ਫ਼ਰੀਦ ਸੰਸਥਾ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਹੈਰੀਟੇਜ਼ ਸਟਰੀਟ ਦੇ ਪ੍ਰੌਜੈਕਟ 'ਚ ਤਿੰਨ ਗਲੀਆਂ ਤੇ ਸੜਕਾਂ ਉੱਤੇ ਗ੍ਰੇਨਾਈਟ ਦੀਆਂ ਟੁਕੜੀਆਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹਰ ਕਿਸਮ ਦੀਆਂ ਤਾਰਾਂ ਜ਼ਮੀਨ ਹੇਠਾਂ ਵਾਇਰਿੰਗ ਕੀਤੀਆਂ ਜਾਣਗੀਆਂ। ਇਸ ਦੇ ਨਾਲ-ਨਾਲ ਸੜਕ ਦੇ ਦੋਵੇਂ ਪਾਸੇ ਬਣੀਆਂ ਨਾਲੀਆਂ ਨੂੰ ਸੀਵਰੇਜ ਬੋਰਡ ਅਤੇ ਡਰੇਨਜ਼ ਵਿਭਾਗ ਵਲੋਂ ਅੰਡਰਗਰਾਊਂਡ ਕਰਕੇ ਚੈਂਬਰ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੇਗੀ ਲੋਹੇ ਦੇ ਖੰਭੇ ਇਨ੍ਹਾਂ ਤਿੰਨੇ ਰਸਤਿਆਂ ਦੇ ਦੋਵੇਂ ਪਾਸੇ ਲਾਏ ਜਾਣਗੇ।
ਇਸ ਹੈਰੀਟੇਜ਼ ਸਟਰੀਟ 'ਚ ਸਾਰੇ ਬਾਜ਼ਾਰ ਨੂੰ ਇਕੋ ਤਰ੍ਹਾਂ ਦੀ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਫ਼ਰੀਦਕੋਟ ਦਾ ਕਿਲਾ ਮੁਬਾਰਕ ਦੇਸ਼ ਦੇ ਚੋਣਵੇਂ ਇਤਿਹਾਸਕ ਕਿਲ੍ਹਿਆਂ ਵਿੱਚ ਸ਼ਾਮਿਲ ਹੈ ਤੇ ਫ਼ਰੀਦਕੋਟ ਰਿਆਸਤ ਦੀਆਂ ਇੱਥੇ ਸੈਂਕੜੇ ਵਿਲੱਖਣ ਵਸਤਾਂ ਸਾਂਭਿਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਹੈਰੀਟੇਜ਼ ਸਟਰੀਟ ਦੇ ਨੇੜੇ ਹੀ ਆਧੁਨਿਕ ਪਾਰਕਿੰਗ ਬਣਾਉਣ ਦੀ ਵੀ ਤਜਵੀਜ਼ ਹੈ।
ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਪ੍ਰੌਜੈਕਟ ਦੇ ਮੁਕੰਮਲ ਹੋਣ ਨਾਲ ਫ਼ਰੀਦਕੋਟ ਵਿੱਚ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਆਮਦ ਵਧੇਗੀ। ਹੈਰੀਟੇਜ਼ ਸਟਰੀਟ ਦੀ ਉਸਾਰੀ ਲਈ ਮਾਹਰ ਕਾਰੀਗਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਤੈਅ ਸਮੇਂ 'ਚ ਮੁਕੰਮਲ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਇਸ ਵਾਰ ਬਾਬਾ ਸ਼ੇਖ ਫ਼ਰੀਦ ਦੇ ਪ੍ਰਕਾਸ਼ ਪੁਰਬ ਮੌਕੇ 'ਤੇ 23 ਸਤੰਬਰ 2021 ਨੂੰ ਇਸ ਦੇ ਕੰਮ ਦਾ ਆਗਾਜ਼ ਹੋ ਜਾਵੇਗਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਇਸ ਦਿਨ ਤੋਂ ਲੱਗ ਸਕਦੀ ਹੈ Corona Vaccine