ਫਰੀਦਕੋਟ: ਅਕਸਰ ਵਿਵਾਦਾਂ ਚ ਰਹਿਣ ਵਾਲੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰੋਂ ਲਾਗਾਤਰ ਤਲਾਸ਼ੀ ਅਭਿਆਨ ਦੌਰਾਨ ਕੈਦੀਆਂ ਤੋਂ ਮੋਬਾਇਲ ਫੋਨ ਜਾਂ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਹੁੰਦਾ ਰਹਿੰਦਾ ਹੈ। ਜਿਸ 'ਤੇ ਜੇਲ੍ਹ ਪ੍ਰਸ਼ਾਸਨ ਅਕਸਰ ਦਾਅਵਾ ਕਰਦਾ ਨਜ਼ਰ ਆਉਂਦਾ ਸੀ ਕਿ ਇਹ ਪਬੰਦੀ ਸ਼ੁਦਾ ਸਮਾਨ ਜੇਲ੍ਹ ਦੇ ਬਾਹਰੋਂ ਥਰੋ ਕਰਕੇ ਅੰਦਰ ਸੁੱਟਿਆ ਜਾਂਦਾ ਹੈ, ਜੋ ਦੇਰ ਸਵੇਰ ਕੈਦੀਆਂ ਕੋਲ ਪਹੁੰਚ ਜਾਂਦਾ ਹੈ। ਇਸ ਨੂੰ ਲੈਕੇ ਜਿਥੇ ਜ਼ਿਲ੍ਹਾ ਪੁਲਿਸ ਵਲੋਂ ਜੇਲ੍ਹ ਦੇ ਆਸਪਾਸ ਦੇ ਇਲਾਕਿਆਂ 'ਚ ਗਸ਼ਤ ਵਧਾਈ ਗਈ ਤਾਂ ਨਾਲ ਹੀ ਜੇਲ੍ਹ ਗਾਰਦ ਵੱਲੋਂ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।
ਸ਼ੱਕੀ ਵਿਅਕਤੀ ਕੀਤਾ ਕਾਬੂ: ਅਜਿਹੇ ਹੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਜੇਲ੍ਹ ਦੇ ਆਸ ਪਾਸ ਗਸ਼ਤ ਵਧਾਈ ਗਈ ਹੈ ਅਤੇ ਜੇਲ੍ਹ ਦੇ ਨੇੜੇ ਘੁੰਮਣ ਵਾਲੇ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਲੜੀ ਤਹਿਤ ਫਰੀਦਕੋਟ ਪੁਲਿਸ ਅਤੇ ਜੇਲ੍ਹ ਪੁਲਿਸ ਨੇ ਬੀਤੇ ਕੱਲ੍ਹ ਜੇਲ੍ਹ ਦੇ ਆਸਪਾਸ ਦੋ ਸ਼ੱਕੀ ਵਿਅਕਤੀਆਂ ਨੂੰ ਘੁੰਮਦੇ ਹੋਏ ਵੇਖਿਆ ਤਾਂ ਜੇਲ੍ਹ ਗਾਰਦ ਅਤੇ ਪੀਸੀਆਰ ਵੱਲੋਂ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਲਈ ਜਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਚੋ ਇੱਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਜਦਕਿ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ।
ਗੇਂਦ ਨੁਮਾ ਪੈਕਟਾਂ 'ਚ ਬਰਾਮਦਗੀ: ਇਸ ਦੌਰਾਨ ਜਦੋਂ ਪੁਲਿਸ ਵਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 23 ਗੇਂਦ ਨੁਮਾ ਪੈਕਟ ਫੜੇ ਹਨ, ਜਿਨ੍ਹਾਂ ਚ 7 ਮੋਬਾਇਲ ਫੋਨ, ਚਾਰਜ਼ਰ, ਲਾਈਟਰ, ਸਿਲਵਰ ਪੰਨੀ ਅਤੇ ਬੀੜੀਆਂ ਆਦਿ ਸਮਾਨ ਬਰਾਮਦ ਕੀਤਾ ਗਿਆ। ਇਸ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਖਿਲਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ 'ਤੇ ਹੀ ਪਤਾ ਲੱਗਾ ਕਿ ਜੇਲ੍ਹ ਅੰਦਰ ਬੰਦ ਇੱਕ ਹਵਾਲਾਤੀ ਸਨਕਪ੍ਰੀਤ ਸਿੰਘ ਜੋ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਫੜ੍ਹੇ ਗਏ ਸਖਸ਼ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰਾ ਸਮਾਨ ਜੇਲ੍ਹ ਵਿਚ ਬੰਦ ਉਕਤ ਸਨਕਦੀਪ ਸਿੰਘ ਨੂੰ ਸਪਲਾਈ ਕਰਨਾ ਸੀ।
ਜੇਲ੍ਹ 'ਚ ਬੈਠੇ ਹਵਾਲਤੀ ਦਾ ਸੀ ਆਰਡਰ: ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਥਾਣਾ ਸਿਟੀ ਫਰੀਦਕੋਟ ਦੇ SHO ਗੁਲਜਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਥਰੋ ਕਰਨ ਦੀ ਕੋਸ਼ਿਸ ਕਰਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਉਸ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਰਿਹਾ ਹੈ। ਉਹਨਾਂ ਦੱਸਿਆ ਕਿ ਫੜ੍ਹੇ ਗਏ ਸ਼ਖਸ ਦੀ ਨਿਸ਼ਾਨਦੇਹੀ 'ਤੇ ਹੀ ਜੇਲ੍ਹ ਅੰਦਰ ਬੰਦ ਸਨਕਪ੍ਰੀਤ ਸਿੰਘ ਨਾਮੀ ਵਿਅਕਤੀ 'ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਫੜ੍ਹੇ ਗਏ ਸ਼ਖਸ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਹੋਰ ਸਾਥੀਆਂ ਦੇ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ।