ਫਰੀਦਕੋਟ: ਸ਼ਹਿਰ ਦੇ ਕਰੀਬ 4 ਵਾਰਡਾਂ ਦੇ ਲੋਕ ਜੈਨ ਸਕੂਲ ਦੇ ਨੇੜੇ ਲੱਗੇ RO ਦੇ ਬੰਦ ਹੋਣ ਕਾਰਨ ਬੀਤੇ ਕਰੀਬ 19 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਪਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਤੀਸ਼ ਗਰੋਵਰ ਨੇ ਕਿਹਾ ਕਿ ਸਰਕਾਰ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਲੋਕਾਂ ਦਾ ਬੁਰਾ ਹਾਲ ਹੈ।
ਉਹਨਾਂ ਦੱਸਿਆ ਕਿ ਜੈਨ ਸਕੂਲ ਕੋਲ ਕਿਲੇ ਦੇ ਨਾਲ ਲੱਗਿਆ RO ਬੀਤੇ ਕਰੀਬ 19 ਦਿਨਾਂ ਤੋਂ ਬੰਦ ਪਿਆ ਜਿਸ ਦਾ ਠੇਕੇਦਾਰ ਵਲੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਜਿਸ ਕਾਰਨ ਵਿਭਾਗ ਵਲੋਂ RO ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ 2 ਵਾਰ ਮਿਲ ਕੇ ਸਮੱਸਿਆ ਦਾ ਹੱਲ ਕਰਨ ਦੀ ਬੇਨਤੀ ਕੀਤੀ ਪਰ ਹਾਲੇ ਤੱਕ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਹੈ ਕਿ RO ਦਾ ਬਿਜਲੀ ਕੁਨੈਕਸ਼ਨ ਜੁੜਵਾ ਕੇ ਜਲਦ RO ਚਾਲੂ ਕਰਵਾਇਆ ਜਾਵੇ ਅਤੇ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ
ਇਸ ਪੂਰੇ ਮਾਮਲੇ ਸਬੰਧੀ ਜਦ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੀ ਜਾਂਚ ਕਰ ਬਿਜਲੀ ਦਾ ਬਿਲ ਭਰ ਕੇ ਸਮੱਸਿਆ ਦੇ ਹੱਲ ਦੀ ਕੋਸ਼ਿਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਫੌਜੀ ਖੁਦਕੁਸ਼ੀ ਕੇਸ:ਪ੍ਰਭਦਿਆਲ ਦੀ ਅੰਤਿਮ ਅਰਦਾਸ ਦੌਰਾਨ ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ