ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮਾਲਵਾ ਜੋਨ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਜਿਸ ਨੇ ਵੀ ਬੇਅਦਬੀ ਮਾਮਲਿਆਂ 'ਤੇ ਸਿਆਸਤ ਕੀਤੀ ਉਨ੍ਹਾਂ ਦਾ ਕੱਖ ਨਹੀ ਰਿਹਾ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਇਸ ਮਾਮਲੇ 'ਤੇ ਸਭ ਤੋਂ ਜ਼ਿਆਦਾ ਸਿਆਸਤ ਕੀਤੀ। ਖਹਿਰਾ ਸਿਆਸਤ ਵਿੱਚ ਅਲੋਪ ਹੋ ਚੁੱਕੇ ਹਨ।
ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਸਿੱਖਾਂ ਨੂੰ ਕੋਈ ਇਨਸਾਫ ਨਾ ਮਿਲਣ 'ਤੇ ਕਰਵਾਏ ਗਏ ਸਮਾਗਮਾਂ ਬਾਰੇ ਗੱਲਬਾਤ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਕਾਂਗਰਸ ਰਾਜ ਦੌਰਾਨ 70 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪਰ ਅਕਾਲੀ ਦਲ ਨੇ ਕਦੀ ਵੀ ਕਾਂਗਰਸ ਪਾਰਟੀ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਲਈ ਜਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਗੁਰਸਿੱਖ ਅਜਿਹੇ ਕੰਮ ਨੂੰ ਅੰਜਾਮ ਨਹੀਂ ਦੇ ਸਕਦਾ ਤੇ ਕਿਹਾ ਕਿ ਕਾਂਗਰਸ ਨੇ ਪਿਛਲੇ 4 ਸਾਲਾਂ ਵਿਚ ਬੇਅਦਬੀ ਮਾਮਲਿਆਂ 'ਤੇ ਸਿਆਸਤ ਹੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ-ਜਿਨ੍ਹਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਤੇ ਸਿਆਸਤ ਕੀਤੀ ਉਨ੍ਹਾਂ ਸਾਰਿਆਂ ਨੂੰ ਉਸ ਦਾ ਫਲ ਮਿਲ ਚੁੱਕਿਆ ਹੈ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਤੇ ਰਾਹੁਲ ਗਾਂਧੀ, ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਿਆਸਤ ਕੀਤੀ ਜਿਸ ਦੇ ਇਵਜ਼ ਵਿਚ ਵਾਹਿਗੁਰੂ ਨੇ ਇਤਿਹਾਸ ਵਿਚ ਪਹਿਲੀ ਵਾਰ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਹਰਾ ਕੇ ਘਰ ਬਿਠਾ ਦਿੱਤਾ, ਪ੍ਰਤਾਪ ਸਿੰਘ ਬਾਜਵਾ ਦਾ ਵੀ ਇਹੀ ਹਸਰ ਹੋਇਆ, ਨਵਜੋਤ ਸਿੱਧੂ ਵੀ ਘਰ ਬੈਠਾ।
ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਇਸ ਮਾਮਲੇ 'ਤੇ ਸਭ ਤੋਂ ਜ਼ਿਆਦਾ ਸਿਆਸਤ ਕੀਤੀ। ਇਸ ਲਈ ਖਹਿਰਾ ਨੂੰ ਲੋਕ ਸਭਾ ਚੋਣਾਂ ਦੌਰਾਨ ਸਿਰਫ 40000 ਦੇ ਕਰੀਬ ਵੋਟਾਂ ਮਿਲ ਸਕੀਆਂ।
ਇਹ ਵੀ ਪੜੋ: ਪਰਾਲੀ ਨਾ ਸਾੜਨ ਲਈ ਕੇਂਦਰ ਕਿਸਾਨਾਂ ਨੂੰ 100 ਰੁਪਏ ਫੀ ਕੁਇੰਟਲ ਵੱਧ
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਪਹਿਲੇ ਦਿਨੋਂ ਇਹ ਅਰਦਾਸ ਕਰਦਾ ਆ ਰਿਹਾ ਕਿ ਜਿਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਾਂ ਜਿਸ ਨੇ ਵੀ ਬੇਅਦਬੀ ਕਰਵਾਈ ਹੈ ਉਸ ਦਾ ਕੱਖ ਨਾ ਰਹੇ ਪਰ ਨਾਲ ਹੀ ਇਹ ਵੀ ਅਰਦਾਸ ਕਰਦਾ ਹੈ ਕਿ ਜੋ ਵੀ ਇਸ ਮਾਮਲੇ 'ਤੇ ਸਿਆਸਤ ਕਰ ਰਿਹਾ ਉਸ ਦਾ ਵੀ ਕੱਖ ਨਾ ਰਹੇ।