ਫਰੀਦਕੋਟ: ਫਰੀਦਕੋਟ ਵਿਧਾਨ ਸਭਾ ਹਲਕੇ ਦੇ ਥਾਨਾ ਸਾਦਿਕ ਅਧੀਨ ਪੈਂਦੇ ਪਿੰਡ ਝੋਕ ਸਰਕਾਰੀ ਵਿਚ ਬੀਤੇ ਦਿਨੀਂ ਸੰਦੀਪ ਸਿੰਘ ਨਾਮ ਦੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ ਅਤੇ ਹਮਲਾ ਕਰਨ ਵਾਲੇ ਨੌਜਵਾਨ ਕਾਂਗਰਸ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਹਲਕਾ ਫਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਨੂੰ ਘੇਰਨ ਦੀ ਚੇਤਾਵਨੀ ਦਿੱਤੀ ਹੈ ਅਤੇ ਨਾਲ ਹੀ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ ਓਦੋਂ ਤੱਕ ਉਹ ਨਹੀਂ ਉੱਠਣਗੇ।
ਇਹ ਵੀ ਪੜ੍ਹੋ: ਨਿਰਭਯਾ ਗੈਂਗਰੇਪ ਦੇ ਦੋਸ਼ੀ ਨੇ ਕੀਤਾ ਵੱਡਾ ਖੁਲਾਸਾ, ਕਿਹਾ ਮੈਨੂੰ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕਾਂ ਨੇ ਉਨ੍ਹਾਂ ਦੇ ਵਰਕਰਾਂ ਦੀ ਰੰਜਿਸ ਤਹਿਤ ਘਰ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜੋ ਇਸ ਸਮੇਂ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਕਾਰਵਾਈ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਦੇ ਚੱਲਦੇ ਸਾਦਿਕ ਪੁਲਿਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ 2 ਦਿਨਾਂ ਦੇ ਅੰਦਰ ਸਹੀ ਤੇ ਸਾਰਥਿਕ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।