ਫ਼ਰੀਦਕੋਟ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਅਤੇ ਆਮ ਜਨਤਾ ਵਿੱਚ ਕੋਰੋਨਾ ਬਿਮਾਰੀ ਅਤੇ ਇਸ ਤੋਂ ਪੀੜਤ ਲੋਕਾਂ ਦੇ ਇਲਾਜ ਅਤੇ ਮੌਤ ਹੋਣ ਤੋਂ ਬਾਅਦ ਮਰੀਜ਼ਾਂ ਦੇ ਅੰਗ ਡਾਕਟਰਾਂ ਵਲੋਂ ਕੱਢ ਲਏ ਜਾਣ ਵਰਗੀਆਂ ਫ਼ੈਲੀਆਂ ਅਫ਼ਵਾਹਾਂ ਦਾ ਅਸਲ ਸੱਚ ਕੀ ਹੈ ਅਤੇ ਕਿ ਸੱਚਮੁੱਚ ਹੀ ਲੋਕਾਂ ਦੇ ਅੰਗ ਕੱਢੇ ਜਾ ਰਹੇ ਹਨ।
ਇਸ ਬਾਬਤ ਈਟੀਵੀ ਭਾਰਤ ਦੀ ਟੀਮ ਨੇ ਵੱਲੋਂ ਸੱਚ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਦੇ ਵਾਈਸ ਚਾਂਸਲਰ ਪ੍ਰੋ ਡਾ ਰਾਜ ਬਹਾਦਰ ਨਾਲ ਗੱਲਬਾਤ ਕੀਤੀ।
ਅੰਗ ਕੱਢਣਾ ਸਿਰਫ਼ ਅਫ਼ਵਾਹ ਹੈ, ਲੋਕ ਸੁਚੇਤ ਰਹਿਣ
ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਡਾਕਟਰੀ ਪੇਸ਼ੇ ਨੂੰ ਕਰੀਬ 50 ਸਾਲ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਅਜਿਹਾ ਇੱਕ ਵੀ ਡਾਕਟਰ ਨਹੀਂ ਵੇਖਿਆ ਜੋ ਇਨਸਾਨੀ ਅੰਗਾਂ ਨੂੰ ਕੱਢ ਲਵੇ। ਉਨ੍ਹਾਂ ਨਾਲ ਹੀ ਦੱਸਿਆ ਕਿ ਕੋਰੋਨਾ ਪੌਜ਼ੀਟਿਵ ਮਰੀਜ ਦੇ ਨਾ ਤਾਂ ਕਿਸੇ ਨੂੰ ਅੰਗ ਲੱਗ ਸਕਦੇ ਹਨ ਅਤੇ ਨਾ ਹੀ ਅੰਗਾਂ ਨੂੰ ਕੱਢ ਕੇ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਕਿਸਮ ਦੇ ਲੋਕਾਂ ਵਲੋਂ ਅਜਿਹੀਆ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ।
ਪੰਜਾਬੀ ਬਹਾਦਰ ਨੇ, ਪਰ ਕੋਰੋਨਾ ਸਬੰਧੀ ਚੇਤਨਤਾ ਜ਼ਰੂਰੀ
ਲੋਕਾਂ ਵਲੋਂ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣ ਨਾ ਕਰਨ ਦੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੁਝਾਰੂ ਲੋਕ ਹਨ ਅਤੇ ਇਹ ਇਕ ਮਾਰਸ਼ਲ ਕੌਮ ਹੈ। ਇਨ੍ਹਾਂ ਲਗਦਾ ਹੈ ਕਿ ਇਹ ਵਾਇਰਸ ਕੀ ਵਗਾੜ ਲਵੇਗਾ ਜੋ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਗੰਭੀਰ ਹੋਣਾ ਪਵੇਗਾ, ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।