ਫ਼ਰੀਦਕੋਟ: ਫ਼ਰੀਦਕੋਟ ਵਿਖੇ ਸ਼ੇਖ ਫ਼ਰੀਦ ਆਗਮਨ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸੋਮਵਾਰ ਨੂੰ ਨਗਰ ਕੀਰਤਨ ਸਜਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ। ਇਹ ਨਗਰ ਕੀਰਤਨ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਗੋਦੜੀ ਸਾਹਿਬ, ਕੋਟਕਪੂਰਾ ਰੋਡ ਜਾ ਕੇ ਖ਼ਤਮ ਹੋਵੇਗਾ।
ਪਿਛਲੇ 6 ਦਿਨਾਂ ਤੋਂ ਚੱਲਦੇ ਆ ਰਹੇ ਇਸ ਸਮਾਗਮ ਵਿੱਚ ਕਈ ਸੂਫ਼ੀਆਨਾ ਸਮਾਗਮ ਦੇ ਨਾਲ-ਨਾਲ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਗਏ ਹਨ।
ਜ਼ਿਕਰਯੋਗ ਹੈ ਕਿ ਫ਼ਰੀਦਕੋਟ ਵਿੱਚ ਚੱਲ ਰਹੇ ਸਲਾਨਾ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਚੌਥੇ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਗਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਸਲਾਨਾ ਕਰਵਾਏ ਜਾਂਦੇ ਬਾਬਾ ਫ਼ਰੀਦ ਗਤਕਾ ਕੱਪ ਦਾ ਐਤਵਾਰ ਨੂੰ ਆਗਾਜ਼ ਹੋਇਆ ਸੀ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਖ਼ਾਲਸਾਈ ਖੇਡ ਨੂੰ ਵੇਖਣ ਵਿੱਚ ਆਪਣੀ ਰੂਚੀ ਵਿਖਾਈ। ਇਸ ਮੌਕੇ ਮੁੰਡੇ ਅਤੇ ਕੁੜੀਆਂ ਆਪਣੇ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਫ਼ਰੀਦਕੋਟ ਦੇ ਆਡੀਟੋਰੀਅਮ ਹਾਲ ਵਿੱਚ ਬਾਬਾ ਫਰੀਦ ਆਗਮਨ ਪੁਰਬ 'ਤੇ ਬੈਡਮਿੰਟਨ ਟੂਰਨਾਮੈਂਟ ਤੇ ਹੈਡਬਾਲ ਟੂਰਨਾਮੈਂਟ ਵੀ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਨਾਮੀਂ ਖਿਡਾਰੀ ਪਹੁੰਚੇ ਤੇ ਆਪਣੀ ਆਪਣੀ ਖੇਡ ਦੀ ਪੇਸ਼ਕਾਰੀ ਕੀਤੀ ਸੀ। ਇਸ ਦੇ ਨਾਲ ਹੀ ਆਰਟ ਐਂਡ ਕਰਾਫ਼ਟ ਦੇ ਮੁਕਾਬਲੇ ਵੀ ਕਰਵਾਏ ਗਏ।
ਇਹ ਵੀ ਪੜ੍ਹੋ: ਜ਼ਿਮਨੀ ਚੋਣਾਂ: ਨਾਮਜ਼ਦਗੀ ਪੱਤਰ ਭਰਨ ਦੀ ਪ੍ਰੀਕ੍ਰਿਆ ਅੱਜ ਤੋਂ ਸ਼ੁਰੂ
ਇਸ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਕੋਟਕਪੂਰਾ ਰੋਡ ਇਕ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਸੇਵਾ ਅਤੇ ਇਮਾਨਦਾਰੀ ਐਵਾਰਡ ਵੀ ਦਿੱਤੇ ਜਾਣਗੇ। ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਹੋਣ ਵਾਲੇ ਵੱਖ-ਵੱਖ ਖੇਡ ਮੁਕਾਬਲਿਆਂ ਦੀ ਇਸ ਦੇ ਨਾਲ ਹੀ ਸਮਾਪਤੀ ਹੋ ਜਾਵੇਗੀ।