ਫ਼ਰੀਦਕੋਟ: ਇੱਥੋ ਦੇ ਪਿੰਡ ਵਾਂਦਰ ਜਟਾਣਾ ਵਿੱਚ ਕਰੀਬ 35 ਸਾਲਾ ਨੌਜਵਾਨ ਦਾ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ 'ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਉਰਫ਼ ਸੁੱਖਾ ਵਜੋਂ ਹੋਈ ਹੈ। ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਕਿਸੇ ਨੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨ 'ਤੇ ਪਿੰਡ ਦੇ ਨੌਜਵਾਨ ਸੁਖਦੇਵ ਸਿੰਘ ਦੀ ਲਾਸ਼ ਪਈ ਹੈ। ਉਨ੍ਹਾਂ ਕਿਹਾ ਕਿ ਘਟਨਾ ਬਹੁਤ ਦੁਖ਼ਦਾਈ ਹੈ ਅਤੇ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਭਰਾ ਦਾ ਕਿਸੇ ਨੇ ਕਤਲ ਕਰ ਕੇ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇ।
ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਰੇਲਵੇ ਪੁਲਿਸ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਵਾਂਦਰ ਜਟਾਣਾ ਵਿਖੇ ਰੇਲਵੇ ਟਰੈਕ 'ਤੇ ਕੋਈ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਮਾਮਲਾ ਕਤਲ ਦਾ ਲੱਗ ਰਿਹਾ ਹੈ ਇਸ ਲਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।