ਫ਼ਰੀਦਕੋਟ: ਪੰਜਾਬੀ ਗਾਇਕ ਅਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਲੈ ਕੇ ਜੋ ਵਿਵਾਦ ਹੋਇਆ ਹੈ ਉਹ ਉਨ੍ਹਾਂ ਨੇ ਹਾਲੇ ਤੱਕ ਨਹੀਂ ਸੁਣਿਆ ਪਰ ਜੇ ਉਨ੍ਹਾਂ ਇਤਿਹਾਸ ਨੂੰ ਕਿਸੇ ਵੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਹੈ ਤਾਂ ਉਹ ਗਲਤ ਹੈ।
ਇਸ ਦੇ ਨਾਲ ਹੀ ਗਾਇਕਾਂ ਦਾ ਬਚਾਅ ਕਰਦੇ ਹੋਏ ਸਦੀਕ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਗਾਣੇ ਲੋਕ ਸੁਣਨਾ ਚਾਹੁੰਦੇ ਹਨ ਉਸੇ ਤਰ੍ਹਾਂ ਦੇ ਪੰਜਾਬੀ ਕਲਾਕਾਰ ਅੱਜ ਕੱਲ੍ਹ ਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਲਾਕਾਰ ਦਾ ਹੀ ਕਸੂਰ ਨਹੀਂ ਕੱਢਣਾ ਚਾਹੀਦਾ, ਸੁਣਨ ਵਾਲੇ ਸਰੋਤੇ ਵੀ ਇਸ ਲੱਚਰ ਗਾਇਕੀ ਲਈ ਉੰਨੇ ਹੀ ਜ਼ਿੰਮੇਵਾਰ ਹਨ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਸੈਂਸਰ ਬੋਰਡ ਹੈ ਉਸ ਵਿੱਚ ਸਿਫ਼ਾਰਸ਼ੀ ਲੋਕ ਭਰਤੀ ਕੀਤੇ ਜਾਂਦੇ ਹਨ। ਇਸ ਕਰਕੇ ਉਹ ਆਪਣਾ ਕੰਮ ਸਹੀ ਨਹੀਂ ਕਰਦੇ।
ਇਹ ਵੀ ਪੜੋ: ਵਿਵਾਦਿਤ ਗਾਣੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਘਰ ਬਾਹਰ ਧਰਨਾ
ਸਦੀਕ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਜੋ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ 'ਤੇ ਟੈਕਸ ਲਾਉਣ ਜਾ ਰਹੀ ਹੈ ਉਹ ਗ਼ਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ, ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਕੋਈ ਵੀ ਬਜਟ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ।