ਫ਼ਰੀਦਕੋਟ: ਬੀਤੇ ਮਹੀਨੇ ਪੰਜਾਬ ਦੇ ਫਰੀਦਕੋਟ ਜਿਲ੍ਹੇ ਦੀਆਂ ਦੋ ਧੀਆਂ ਨੇ ਵਿਸ਼ਵ ਪੱਧਰੀ ਸ਼ੂਟਿੰਗ ਮੁਕਾਬਲਿਆ ਵਿਚ ਸੋਨੇ ਅਤੇ ਚਾਂਦੀ ਦੇ ਤਗਮੇਂ ਜਿੱਤ ਕੇ ਪੂਰੀ ਦੁਨੀਆਂ ਵਿਚ ਆਪਣੀ ਹਸਤੀ ਦਾ ਅਹਿਸਾਸ ਕਰਵਾਇਆ ਸੀ ਉਥੇ ਹੀ ਹੁਣ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਧੀ ਲਵਪ੍ਰੀਤ ਕੌਰ ਸਿੱਧੂ ਨੂੰ ਹੁਣ ਸਾਊਥ ਏਸੀਆਈ ਖੇਡਾਂ ਵਿਚ ਦੋ ਤਗਮੇਂ ਲੈ ਕੇ ਇਸ ਮਾਣ ਨੂੰ ਹੋਰ ਵਧਾਇਆ ਹੈ।
ਵਿਦੇਸ਼ ਜਾਣ ਵਾਲਿਆਂ ਲਈ ਬਣਨਾ ਚਾਹੁੰਦੀ ਹੈ ਮਿਸਾਲ: ਦੱਸ ਦਈਏ ਕਿ ਪਿੰਡ ਬੰਬੀਹਾ ਭਾਈ ਦੀ ਲਵਪ੍ਰੀਤ ਨੇ ਨੇਪਾਲ ਦੇ ਕਾਠਮੰਡੂ ਵਿਚ ਹੋਈਆਂ ਸਾਊਥ ਏਸੀਆਈ ਖੇਡਾਂ ਵਿਚ ਤਾਈਕਵਾਂਡੋ ਵਿਚ ਗੋਲਡ ਅਤੇ ਅਥਲੈਟਿਕਸ ਵਿਚ ਜਿੱਤਿਆ ਚਾਂਦੀ ਦਾ ਤਗਮਾਂ ਜਿੱਤਿਆ ਹੈ। ਲਵਪ੍ਰੀਤ ਉਨ੍ਹਾਂ ਲੋਕਾਂ ਦੇ ਲਈ ਮਿਸਾਲ ਬਣਾ ਚਾਹੁੰਦੀ ਹੈ ਜੋ ਲੋਕ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾ ਵਿਚ ਜਾ ਕੇ ਆਪਣਾ ਭਵਿੱਖ ਭਾਲ ਰਹੇ ਹਨ।
'ਸ਼ੁਰੂ ਤੋਂ ਤਾਈਕਵਾਂਡੋਂ ਗੇਮ ਦੀ ਸ਼ੌਕੀਨ ਸੀ': ਗੱਲਬਾਤ ਕਰਦਿਆਂ ਲਵਪ੍ਰੀਤ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਉਹ ਸਭ ਕਰਨ ਦੀ ਖੁੱਲ੍ਹ ਦਿੱਤੀ ਹੈ ਜੋ ਉਹ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਤਾਈਕਵਾਂਡੋਂ ਗੇਮ ਦੀ ਸ਼ੌਕੀਨ ਸੀ ਅਤੇ ਉਸ ਨੇ ਤਾਈਕਵਾਂਡੋਂ ਵਿਚ ਹੁਣ ਤੱਕ ਕਈ ਮੁਕਾਬਲਿਆ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਨੇਪਾਲ ਦੇ ਕਾਠਮੰਡੂ ਵਿਚ ਹੋਈਆਂ ਸਾਊਥ ਏਸੀਆਈ ਖੇਡਾਂ ਵਿਚ ਉਸ ਨੇ ਤਾਈ ਕਵਾਂਡੋ ਵਿਚ ਸੋਨੇ ਅਤੇ ਅਥਲੈਟਿਕਸ ਵਿਚ ਚਾਂਦੀ ਦਾ ਤਗਮਾਂ ਜਿੱਤਿਆ ਜਦਕਿ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਹੋਏ ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣੇ ਕਾਲਜ ਦੀ ਟੀਮ ਵਿਚ ਹਿੱਸਾ ਲਿਆ ਸੀ ਜਿੱਥੇ ਉਹਨਾਂ ਨੂੰ ਗੋਲਡ ਮੈਡਲ ਮਿਲਿਆ।
'ਪੁਲਿਸ 'ਚ ਭਰਤੀ ਹੋ ਕੇ ਕਰਨਾ ਚਾਹੁੰਦੀ ਹਾਂ ਦੇਸ਼ ਦੀ ਸੇਵਾ': ਲਵਪ੍ਰੀਤ ਨੇ ਦੱਸਿਆ ਕਿ ਉਹ ਬਾਕੀ ਬੱਚਿਆਂ ਵਾਂਗ ਵਿਦੇਸ਼ ਜਾਣ ਦੀ ਚਾਹਵਾਨ ਨਹੀਂ ਹੀ ਸਗੋਂ ਆਪਣੇ ਦੇਸ਼ ਵਿਚ ਰਹਿ ਕਿ ਆਪਣੀ ਮਿਹਨਤ ਨਾਲ ਪੰਜਾਬ ਪੁਲਿਸ ਵਿਚ ਨੌਕਰੀ ਕਰ ਕੇ ਆਪਣੇ ਦੇਸ਼ ਦੀ ਸੇਵਾ ਕਰਨਾਂ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਆਪਣੀ ਪ੍ਰਾਪਤੀਆਂ ਨਾਲ ਉਹਨਾਂ ਲੋਕਾਂ ਦਾ ਮੂੰਹ ਵੀ ਬੰਦ ਕਰਨਾ ਚਾਹੁੰਦੀ ਹੇ ਜੋ ਲੋਕ ਉਸ ਦੇ ਪਿਤਾ ਨੂੰ ਇਹ ਕਹਿੰਦੇ ਹਨ ਕਿ ਇਹ ਕੁੜੀ ਹੈ ਇਸ ਨੇ ਕਿਹੜਾ ਡੀਸੀ ਲੱਗ ਜਾਣਾ। ਨਾਲ ਹੀ ਉਹ ਆਪਣੇ ਹਮ ਉਮਰ ਸਾਥੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੇ ਦੇਸ਼ ਵਿਚ ਬਹੁਤ ਕੁਝ ਹੈ ਪਰ ਮਿਹਨਤ ਦੀ ਜ਼ਰੂਰਤ ਹੈ ਇਸ ਲਈ ਵਿਦੇਸ਼ਾ ਦੀ ਲਾਲਸਾ ਛੱਡ ਆਪਣੇ ਦੇਸ਼ ਵਿਚ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਕੇ ਆਪਣੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਈਏ।
ਮਾਪਿਆਂ ਦਾ ਰਿਹਾ ਵੱਡਾ ਰੋਲ: ਲਵਪ੍ਰੀਤ ਨੇ ਦੱਸਿਆ ਕਿ ਉਸ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਜਿੱਥੇ ਉਸ ਦੇ ਮਾਪਿਆਂ ਦਾ ਵੱਡਾ ਰੋਲ ਹੈ। ਉੱਥੇ ਹੀ ਉਹਨਾਂ ਦੇ ਹਲਕੇ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਦਾ ਵੀ ਅਹਿਮ ਯੋਗਦਾਨ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਪੜ੍ਹਾਈ ਘਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਲਗਭਗ ਬੰਦ ਹੋ ਗਈ ਸੀ ਤਾਂ ਐਮਐਲਏ ਅੰਮ੍ਰਿਤਪਾਲ ਸਿੰਘ ਨੇ ਹੀ ਉਸ ਦਾ ਸਾਥ ਦਿੱਤਾ ਅਤੇ ਉਸ ਦਾ ਦਾਖਲਾ ਕਾਲਜ ਵਿਚ ਕਰਵਾ ਕੇ ਉਸ ’ਤੇ ਭਰੋਸਾ ਕੀਤਾ ਅਤੇ ਅੱਜ ਉਸ ਨੇ ਉਹਨਾਂ ਦੇ ਭਰੋਸੇ ਦਾ ਮੁੱਲ ਮੋੜਿਆ।
'ਸਾਨੂੰ ਆਪਣੀ ਧੀ ’ਤੇ ਹੈ ਮਾਣ': ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੱਚੀ ’ਤੇ ਮਾਣ ਹੈ ਕਿ ਉਸ ਨੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਅਤੇ ਉਹਨਾਂ ਦਾ ਨਾਮ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਿਆ ਹੈ। ਅੱਜ ਉਸ ਨੇ ਜੋ ਮੁਕਾਮ ਹਾਸਲ ਕੀਤਾ ਉਸ ਨਾਲ ਉਹਨਾਂ ਦਾ ਮਾਣ ਵਧਿਆ। ਉਹਨਾਂ ਆਸ ਕੀਤੀ ਕਿ ਉਹਨਾਂ ਦੀ ਧੀ ਅੱਗੇ ਵੀ ਇਸੇ ਤਰਾਂ ਪ੍ਰਦਰਸ਼ਨ ਕਰਦੀ ਰਹੇਗੀ।
ਇਹ ਵੀ ਪੜੋ: ਹੈਰਾਨੀਜਨਕ ! ਇੱਕ ਹੋਰ ਸ਼ਰ੍ਹੇਆਮ ਨਸ਼ਾ ਵੇਚਣ ਦੀ ਵੀਡੀਓ ਵਾਇਰਲ