ਫ਼ਰੀਦਕੋਟ: ਜੈਤੋ ਮੰਡੀ ਦੇ ਇੱਕ ਸਾਧਾਰਨ ਦੁਕਾਨਦਾਰ ਦੀ ਲੜਕੀ ਨੇ ਯੂਪੀਐਸਸੀ ਦੀ ਪ੍ਰਿਖਿਆ ਪਾਸ ਕਰ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਕਾਲਜ ਜੈਤੋ ਤੋਂ ਗ੍ਰੈਜੁਏਸ਼ਨ ਕਰਨ ਵਾਲੀ ਆਸਮਾ ਗਰਗ ਨੇ ਯੂਪੀਐਸਸੀ ਦੀ ਪ੍ਰਿਖਿਆ 'ਚ 709ਵਾਂ ਰੈਂਕ ਹਾਸਲ ਕੀਤਾ ਹੈ।
ਜਿੱਥੇ ਆਪਣੀ ਬੱਚੀ ਦੀ ਕਾਮਯਾਬੀ 'ਤੇ ਪਰਿਵਾਰ ਨੂੰ ਮਾਣ ਹੈ ਉਥੇ ਹੀ ਕਾਲਜ ਦੇ ਸਟਾਫ਼ ਵੱਲੋਂ ਵੀ ਆਪਣੀ ਵਿਦਿਆਰਥਣ ਦੀ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਇਸ ਮੌਕੇ ਆਸਮਾ ਗਰਗ ਦੇ ਘਰ ਉਸ ਦੇ ਅਧਿਆਪਕਾਂ ਤੇ ਪਰਿਵਾਰ ਨੇ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਇੱਕ ਦੂਸਰੇ ਨੂੰ ਵਧਾਈ ਦਿੱਤੀ।
ਆਸਮਾ ਗਰਗ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਦੇ ਸਿਰ ਬੰਨ੍ਹਿਆ ਹੈ। ਆਸਮਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕੇ ਜੋ ਗ਼ਰੀਬੀ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।
ਆਸਮਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਜੋ ਸੁਪਨਾ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਵੇਖਿਆ ਸੀ, ਉਹ ਉਨ੍ਹਾਂ ਦੀ ਧੀ ਨੇ ਪੂਰਾ ਕਰ ਵਿਖਾਇਆ ਹੈ।
ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਆਸਮਾ ਦੀ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਆਸਮਾ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ ਅਤੇ ਉਸ ਦੇ ਸਰਕਲ ਵਿੱਚ ਗ਼ਰੀਬ ਵਰਗ, ਜਿਸ ਦੀ ਭਲਾਈ ਲਈ ਕੰਮ ਕਰਨ ਦਾ ਉਸ ਦਾ ਸੁਪਨਾ ਹੈ, ਦੇ ਵਿਦਿਆਰਥੀ ਜ਼ਿਆਦਾ ਸਨ।