ਫ਼ਰੀਦਕੋਟ: ਜ਼ਿਲ੍ਹਾ ਫ਼ਰੀਦਕੋਟ ਦੀ ਅਨਾਜ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਮੰਡੀ ਅੰਦਰ ਸਿਹਤ ਵਿਭਾਗ ਵੱਲੋਂ ਹਰ ਇੱਕ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋਂ ਕਿਸੇ 'ਚ ਵੀ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣ 'ਤੇ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ ਤਾਂ ਜੋ ਅਨਾਜ ਮੰਡੀ 'ਚ ਕਣਕ ਲੈ ਕੇ ਆਉਣ ਵਾਲੇ ਹਰ ਸ਼ਖ਼ਸ ਦੀ ਚੈਕਿੰਗ ਕੀਤੀ ਜਾਵੇ ਤੇ ਉਨ੍ਹਾਂ ਦਾ ਤਾਪਮਾਨ ਚੈੱਕ ਕਰਕੇ ਸਿਹਤ ਵਿਭਾਗ ਨੂੰ ਰਿਪੋਰਟ ਕੀਤੀ ਜਾਵੇ।
ਇਸ ਤੋਂ ਇਲਾਵਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੁਲਭੂਸ਼ਨ ਰਾਏ ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਟੀਮ ਅਨਾਜ ਮੰਡੀ 'ਚ ਭੇਜੀ ਗਈ ਹੈ। ਉਨ੍ਹਾਂ ਦਾ ਆੜ੍ਹਤੀਆਂ ਵੱਲੋਂ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਹਰੇਕ ਦੀ ਸਿਹਤ ਜਾਂਚ ਕਰਵਾਈ ਜਾਵੇਗੀ।