ਫਰੀਦਕੋਟ : ਇੱਕ ਨੌਜਵਾਨ ਵੱਲੋਂ ਮੰਗਣੀ ਹੋਣ ਤੋਂ ਬਾਅਦ ਲੜਕੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਇੱਥੋਂ ਲੰਘਦੀ ਸਰਹਿੰਦ ਫ਼ੀਡਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਸਾਂ ਵੱਲੋਂ ਪੁਲਿਸ ਦੀ ਮਦਦ ਨਾਲ ਲੜਕੇ ਦੀ ਲਾਸ਼ ਨਹਿਰ 'ਚੋਂ ਕੱਢ ਲਈ ਗਈ ਹੈ। ਪੁਲਿਸ ਵੱਲੋਂ ਮ੍ਰਿਰਤ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਲ ਦੀ ਘੜੀ ਲੜਕੀ ਦੀ ਗ੍ਰਿਫਤਾਰੀ ਨਹੀਂ ਕੀਤੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਰਾਜਪਾਲ ਵਾਸੀ ਫ਼ਰੀਦਕੋਟ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਸ ਦੇ ਭਰਾ ਹਰਪ੍ਰੀਤ ਸਿੰਘ ਦਾ ਫ਼ਿਰੋਜ਼ਪੁਰ ਵਸਨੀਕ ਲੜਕੀ ਨਾਲ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੰਗਣੀ ਕਰ ਦਿੱਤੀ ਗਈ ਸੀ। ਪ੍ਰੰਤੂ ਕੁਝ ਦਿਨ ਪਹਿਲਾਂ ਲੜਕੀ ਵੱਲੋਂ ਉਸ ਦੇ ਭਰਾ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਿਸ ਕਰਕੇ ਉਸ ਦਾ ਭਰਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਪ੍ਰੇਸ਼ਾਨੀ ਦੇ ਚਲਦੇ ਉਸ ਦੇ ਭਰਾ ਨੇ ਇੱਥੇ ਸਰਹਿੰਦ ਫ਼ੀਡਰ 'ਚ ਛਾਲ ਮਾਰ ਦਿੱਤੀ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਹਰਪ੍ਰੀਤ ਸਿੰਘ ਦਾ ਮੋਟਰਸਾਈਕਲ ਸਰਹਿੰਦ ਫ਼ੀਡਰ ਦੇ ਕੰਢੇ ਤੋਂ ਮਿਲਿਆ। ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ੱਕ ਪਿਆ ਸੀ ਕਿ ਹਰਪ੍ਰੀਤ ਨੇ ਨਹਿਰ 'ਚ ਛਾਲ ਮਾਰੀ ਹੈ ਅਤੇ ਦੋ ਦਿਨ ਦੀ ਭਾਲ ਤੋਂ ਬਾਅਦ ਮੁਕਤਸਰ ਦੇ ਪਿੰਡ ਦੋਦਾ ਤੋਂ ਹਰਪ੍ਰੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ:ਬਠਿੰਡਾ-ਬੀਕਾਨੇਰ ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਬਰਾਮਦ
ਥਾਣਾ ਸਿਟੀ ਐੱਸ.ਐੱਚ.ਓ. ਕਰਨਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ਣ ਲੜਕੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।