ਫ਼ਰੀਦਕੋਟ :ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੇਅਰ ਸਕੀਮ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਦਿੱਤੇ ਗਏ 70 ਦੇ ਕਰੀਬ ਵੈਂਟੀਲੇਟਰਾਂ ਦੇ ਖਰਾਬ ਹੋਣ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਬਣਿਆ ਹੋਇਆ। ਇਸੇ ਦੇ ਚਲਦੇ ਜਿੱਥੇ ਬਾਬਾ ਫ਼ਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਵੱਲੋਂ ਇਨ੍ਹਾਂ ਵੈਂਟੀਲੇਟਰਾਂ ਦੀ ਕੁਆਲਟੀ ਤੇ ਸਵਾਲ ਉਠਾਏ ਗਏ ਸਨ ਉਥੇ ਹੀ ਇਨ੍ਹਾਂ ਨੂੰ ਠੀਕ ਕਰਨ ਲਈ ਕੰਪਨੀ ਦੇ ਇੰਜਨੀਅਰਾਂ ਨੂੰ ਬੁਲਾਇਆ ਗਿਆ ਸੀ ਪਰ ਕੰਪਨੀ ਦੇ ਇੰਜਨੀਅਰ ਠੀਕ ਨਹੀਂ ਕਰ ਪਾਏ।
ਹੁਣ ਇਨ੍ਹਾਂ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨ ਦਾ ਜਿੰਮਾਂ ਭਾਰਤੀ ਫੌਜ ਨੇ ਸੰਭਾਲ ਲਿਆ ਅਤੇ ਆਰਮੀ ਦੀ ਟੀਮ ਫਰੀਦਕੋਟ ਵੀ ਪਹੁੰਚ ਚੁੱਕੀ ਹੈ ਜਿਸ ਦੀ ਪੁਸ਼ਟੀ ਜੀਜੀਐਸ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਮੈਡੀਕਲ ਸੁਪਰਡੈਂਟ ਡਾ. ਸਿਲੇਖ ਮਿੱਤਲ ਨੇ ਕਿਹਾ ਕਿ ਪੀਐਮ ਕੇਅਰ ਰਾਹੀਂ ਉਨ੍ਹਾਂ ਨੂੰ 70 ਦੇ ਕਰੀਬ ਵੈਂਟੀਲੇਟਰ 2 ਵੱਖ ਵੱਖ ਕੰਪਨੀਆਂ ਤੋਂ ਮਿਲੇ ਸਨ ਜੋ ਥੋੜ੍ਹਾ ਬਹੁਤਾ ਕੰਮ ਕਰਨ ਤੋਂ ਬਾਅਦ ਖਰਾਬ ਹੋ ਗਏ। ਇਨ੍ਹ ਵਿਚੋਂ ਬਹੁਤਿਆਂ ਨੂੰ ਤਾਂ ਕੰਪਨੀ ਦੇ ਇੰਜਨੀਅਰਾਂ ਨੇ ਠੀਕ ਕਰ ਲਿਆ ਪਰ ਕੁਝ ਹਾਲੇ ਵੀ ਖ਼ਰਾਬ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਆਰਮੀ ਦੇ ਮਾਹਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਅਤੇ ਅੱਜ ਆਰਮੀ ਦੇ ਮਾਹਰਾਂ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਹੈ । ਉਨ੍ਹਾ ਕਿਹਾ ਕਿ ਆਰਮੀ ਦੇ ਮਾਹਰ ਖਰਾਬ ਪਏ ਵੈਂਟੀਲੇਟਰਾਂ ਤੇ ਹਸਪਤਾਲ ਦੇ ਹੋਰ ਉਪਕਰਨਾਂ ਨੂੰ ਵੀ ਠੀਕ ਕਰਨਗੇ।
ਇਹ ਵੀ ਪੜ੍ਹੋ : Coronavirus: ਰਾਹੁਲ ਗਾਂਧੀ ਨੇ ਕੋਵਿਡ -19 ਦੀ ਦੂਜੀ ਲਹਿਰ ਨੂੰ ਲੈ ਕੇ ਕੇਂਦਰ ਦੀ ਕੀਤੀ ਨਿੰਦਾ