ਫ਼ਰੀਦਕੋਟ: ਇੱਥੋਂ ਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਸਥਾਨਕ ਪੁਲਿਸ ਫਰੀਦਕੋਟ ਨਹੀਂ ਲਿਆ ਸਕੇਗੀ। ਪੁਲਿਸ ਨੂੰ ਅਜਮੇਰ ਜੇਲ੍ਹ ਵਿੱਚ ਜਾ ਕੇ ਹੀ ਉਸ ਤੋਂ ਪੁੱਛਗਿੱਛ ਕਰਨੀ ਪਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਅਦਾਲਤ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਗੁਰਲਾਲ ਭਲਵਾਨ ਕਤਲ ਮਾਮਲੇ ਵਿੱਚ ਪੁੱਛਗਿਛ ਕਰਨ ਲਈ ਅਦਾਲਤ ਤੋਂ 22 ਮਾਰਚ ਤੱਕ ਦਾ ਪ੍ਰੋਟੈਕਸ਼ਨ ਵਰੰਟ ਹਾਸਲ ਕੀਤਾ ਸੀ, ਜਿਸ ਦੇ ਵਿਰੋਧ ਵਿੱਚ ਲਾਰੈਂਸ ਬਿਸ਼ਨੋਈ ਨੇ ਉਚ ਅਦਾਲਤ ਵਿੱਚ ਪਹੁੰਚ ਕੀਤੀ ਸੀ।
ਇਸ ਦੇ ਚਲਦੇ ਉਚ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਅਜਮੇਰ ਜੇਲ੍ਹ ਤੋਂ ਬਾਹਰ ਲਿਆਉਣ ਉੱਤੇ ਰੋਕ ਲਗਾਉਂਦਿਆਂ ਫ਼ਰੀਦਕੋਟ ਅਦਾਲਤ ਨੂੰ ਲਾਰੇਂਸ ਬਿਸ਼ਨੋਈ ਦਾ ਪ੍ਰੋਟੈਕਸ਼ਨ ਵਰੰਟ ਰੱਦ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਦੇ ਚਲਦੇ ਫ਼ਰੀਦਕੋਟ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ ਪ੍ਰੋਟੈਕਸ਼ਨ ਵਾਰੰਟ ਵਾਪਸ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਤਾਰੀਖ ਪੇਸ਼ੀ 7 ਅਪ੍ਰੈਲ ਨਿਰਧਾਰਿਤ ਕੀਤੀ ਹੈ।
ਸੂਤਰਾਂ ਮੁਤਾਬਕ ਜੇਕਰ ਹੁਣ ਫਰੀਦਕੋਟ ਪੁਲਿਸ ਨੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨੀ ਹੈ ਤਾਂ ਪੁਲਿਸ ਟੀਮ ਨੂੰ ਅਜਮੇਰ ਜੇਲ੍ਹ ਜਾਣਾ ਪਵੇਗਾ।