ਕੋਟਕਪੂਰਾ: ਜਿੱਥੇ ਪੂਰੀ ਦੁਨੀਆਂ ਨੂੰ ਭਿਆਨਕ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਉੱਥੇ ਹੀ, ਕੁਝ ਲੋਕ ਅਜਿਹੇ ਵੀ ਹਨ ਜੋ ਇਸ ਬਿਮਾਰੀ ਨਾਲ ਲੜਨ ਦਾ ਸਮਾਨ ਵੀ ਤਿਆਰ ਕਰਨ ਵਿੱਚ ਲਗੇ ਹੋਏ ਹਨ, ਜਿਸ 'ਤੇ ਲਾਗਤ ਵੀ ਘੱਟ ਆਵੇ ਅਤੇ ਇਸ ਦਾ ਲਾਭ ਵੀ ਲੋੜ ਪੈਣ 'ਤੇ ਪੂਰਾ ਹੋਵੇ। ਅਜਿਹਾ ਹੀ ਇੱਕ ਉਪਕਰਨ ਕੋਟਕਪੂਰਾ ਦੇ ਰਹਿਣ ਵਾਲੇ ਪਿਓ-ਪੁੱਤਰ ਨੇ ਤਿਆਰ ਕੀਤਾ ਹੈ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਐਨਸਥੀਸਿਆ ਵਿਭਾਗ ਦੇ ਡਾਕਟਰਾਂ ਦੀ ਮਦਦ ਨਾਲ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ ਜਿਸ 'ਤੇ 50 ਹਜਾਰ ਤੋਂ ਵੀ ਘੱਟ ਦੀ ਲਾਗਤ ਆਈ ਹੈ ਅਤੇ ਇਹ ਹੂਬਹੂ ਵੈਂਟੀਲੇਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜ਼ਿਕਰੇਖਾਸ ਹੈ ਕਿ ਇਹ ਪਿਉ-ਪੁੱਤਰ ਕੋਈ ਇੰਜੀਨੀਅਰ ਨਹੀਂ ਹਨ, ਫਿਰ ਵੀ ਇਨ੍ਹਾਂ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਮਾਤ ਦਿੱਤੀ ਹੈ।
ਇਸ ਵੈਂਟੀਲੇਟਰ ਦਾ ਸਫ਼ਲ ਪ੍ਰੀਖਣ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਇਨਸਾਨੀ ਸਰੀਰ ਦੀ ਡੰਮੀ 'ਤੇ ਇਸ ਦਾ ਪ੍ਰਯੋਗ ਕਰ ਕੇ ਇਸ ਦੀ ਪਰਫਾਰਮੈਂਸ ਚੈਕ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਨੇ ਦੱਸਿਆ ਕਿ ਕੋਟਕਪੂਰਾ ਵਾਸੀ ਰਤਨ ਨਾਂਅ ਦੇ ਵਿਅਕਤੀ ਜੋ ਭਾਵੇਂ ਇੰਜੀਨੀਅਰ ਤਾਂ ਨਹੀਂ ਹੈ, ਪਰ ਫਿਰ ਵੀ ਉਸ ਨੇ ਆਪਣੇ ਦਿਮਾਗ ਨਾਲ ਇੱਕ ਅਜਿਹਾ ਉਪਕਰਨ ਤਿਆਰ ਕੀਤਾ ਹੈ ਜਿਸ ਨੂੰ ਵੈਂਟੀਲੇਟਰ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਐਨਸਥੀਸਿਆ ਵਿਭਾਗ ਦੇ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਇਸ ਵੈਂਟੀਲੇਟਰ ਨੂੰ ਰਤਨ ਅਤੇ ਉਨ੍ਹਾਂ ਦੇ ਬੇਟੇ ਨੇ ਤਿਆਰ ਕੀਤਾ ਹੈ ਜਿਸ ਵਿੱਚ ਅੰਬੂਬੈਗ ਲਗਾਇਆ ਗਿਆ ਹੈ ਅਤੇ ਉਸ ਦੇ ਦਬਾਅ ਨੂੰ ਚਲੱਦਾ ਰੱਖਣ ਲਈ ਕੁਝ ਅਜਿਹੇ ਉਪਕਰਨ ਲਗਾਏ ਗਏ ਹਨ ਜਿਸ ਨਾਲ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾ ਘਟਾਇਆ ਜਾ ਸਕਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਵੈਂਟੀਲੇਟਰ ਬਣਾਉਣ ਵਾਲੇ ਰਤਨ ਅਗਰਵਾਲ ਨੇ ਦੱਸਿਆ ਕਿ ਉਸ ਦਾ ਲੜਕਾ 12ਵੀਂ ਜਮਾਤ ਦਾ ਕਾਮਰਸ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ ਜਿਸ ਨਾਲ ਗੰਭੀਰ ਮਰੀਜਾਂ ਨੂੰ ਇਸ ਨਾਲ ਲਾਭ ਮਿਲ ਸਕੇ। ਜਾਣਕਾਰੀ ਦਿੰਦਿਆ ਦੱਸਿਆ ਇਹ ਸਵੈ ਚਲਿਤ ਹੈ ਅਤੇ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 111 ਪੁੱਜਿਆ