ਫਰੀਦਕੋਟ: ਪੰਜਾਬੀ ਦੇ ਨੌਜਵਾਨ ਸੁਖਾਲੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਪਰ ਬਹੁਤ ਸਾਰੇ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ ਨੌਜਵਾਨ ਨੇ ਪੜ੍ਹਾਈ ਲਈ ਸਪੇਨ ਦਾ ਵੀਜਾ ਲਗਵਾਇਆ ਸੀ, ਪਰ ਏਜੰਟ ਨੇ ਉਸ ਨੂੰ ਕਿਸੇ ਹੋਰ ਦੇਸ਼ ਭੇਜ ਦਿੱਤਾ। ਹੁਣ ਤਿੰਨ ਮਹੀਨੇ ਬਾਅਦ ਨੌਜਵਾਨ ਪੰਜਾਬ ਪਰਤਿਆ ਹੈ, ਜਿਸ ਤੋਂ ਬਾਅਦ ਉਸ ਨੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ ਹੈ।
ਪੀੜਤ ਨੌਜਵਾਨ ਦਾ ਬਿਆਨ: ਇਸ ਮੌਕੇ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਰੀਦਕੋਟ ਦੀ ਇੱਕ ਇਮੀਗ੍ਰੇਸ਼ਨ ਸੰਸਥਾ ਤੋਂ ਸਪੇਨ ਦਾ ਵੀਜਾ ਲਵਾਇਆ ਸੀ, ਪਰ ਇਹਨਾਂ ਨੇ ਮੈਨੂੰ ਧੋਖੇ ਨਾਲ ਕਿਸੇ ਹੋਰ ਦੇਸ਼ ਭੇਜ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਸ ਨੇ ਇਸ ਸਬੰਧੀ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਕੁਝ ਦਿਨਾਂ ਬਾਅਦ ਹੀ ਅੱਗੇ ਸਪੇਨ ਭੇਜ ਦੇਣਗੇ। ਨੌਜਵਾਨ ਨੇ ਦੱਸਿਆ ਕਿ ਉਹ ਅਜਰਬਾਈਜਾਨ ਦੇਸ਼ ਵਿੱਚ 3 ਮਹੀਨੇ ਰਿਹਾ ਤੇ ਫਿਰ ਜਦੋਂ ਏਜੰਟ ਨੇ ਉਸਨੂੰ ਅਗੇ ਨਾ ਭੇਜਿਆ ਤਾਂ ਉਸ ਨੂੰ ਵਾਪਿਸ ਭਾਰਤ ਆਉਣਾ ਪਿਆ। ਪੀੜਤ ਨੌਜਵਾਨ ਨੇ ਕਿਹਾ ਕਿ ਹੁਣ ਏਜੰਟ ਉਹਨਾਂ ਦੇ ਪੈਸੇ ਵਾਪਿਸ ਨਹੀਂ ਕਰ ਰਿਹਾ ਹੈ, ਜਿਸ ਕਾਰਨ ਕਿਸਾਨ ਜਥੇਬੰਦੀਆਂ ਨਾਲ ਉਸ ਨੇ ਧਰਨਾ ਲਗਾਇਆ ਹੋਇਆ ਹੈ।
ਜਥੇਬੰਦੀ ਨੇ ਕਿਹਾ ਕਿ ਨਾ ਮਿਲਿਆ ਇਨਸਾਫ ਤਾਂ ਜਾਰੀ ਰਹੇਗਾ ਧਰਨਾ : ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਨੌਜਵਾਨਾਂ ਨਾਲ ਏਜੰਟ ਲਗਾਤਾਰ ਠੱਗੀਆਂ ਮਾਰ ਰਹੇ ਹਨ ਅਤੇ ਫਰੀਦਕੋਟ ਦੀ ਸੰਸਥਾ ਵੱਲੋਂ ਵੀ ਇਸ ਨੌਜਵਾਨ ਨਾਲ ਠੱਗੀ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਏਜੰਟ ਪੈਸੇ ਮੋੜਨ ਦੀ ਬਜਾਏ ਅੱਗੋਂ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਸਾਨੂੰ ਧਰਨਾ ਲਗਾਉਣਾ ਪਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤਕ ਏਜੰਟ ਪੈਸੇ ਨਹੀਂ ਮੋੜ ਦਿੰਦਾ ਉਦੋਂ ਤਕ ਸਾਡਾ ਇਹ ਧਰਨਾ ਜਾਰੀ ਰਹੇਗਾ।
- ਅਜੀਬੋ-ਗਰੀਬ ਚੋਰੀ: JCB ਚੋਰੀ ਕਰਕੇ ATM ਉਖਾੜਨ ਲੱਗਿਆ ਚੋਰ, ਪੁਲਿਸ ਨੂੰ ਦੇਖ ਕੇ ਹੋਇਆ ਰਫੂ ਚੱਕਰ
- ਭੈਣ ਸੋਸ਼ਲ ਮੀਡੀਆ 'ਤੇ ਬਣਾਉਂਦੀ ਸੀ ਰੀਲਾਂ, ਮਨ੍ਹਾਂ ਕਰਨ ਤੇ ਵੀ ਨਾ ਹਟੀ ਤਾਂ ਭਰਾ ਨੇ ਕਰ ਦਿੱਤਾ ਕਤਲ
- ‘ਦਹਾਕਿਆਂ ਮਗਰੋਂ ਸਫ਼ਾਈ ਹੋਣ ਨਾਲ ਬਰਨਾਲਾ ਸ਼ਹਿਰ ਦੇ ਬਰਸਾਤੀ ਨਾਲੇ ਦੀ ਸੁਧਰੇਗੀ ਜੂਨ’
ਇਮੀਗ੍ਰੇਸ਼ਨ ਨੇ ਸਿਰੇ ਤੋਂ ਨਕਾਰੇ ਇਲਜ਼ਾਮ: ਉਧਰ ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਇਮੀਗ੍ਰੇਸ਼ਨ ਸੰਸਥਾ ਦੇ ਮੈਨੇਜਰ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਨੌਜਵਾਨ ਦੀ ਸਹਮਤੀ ਨਾਲ ਹੀ ਉਸ ਨੂੰ ਅਜਰਬਾਈਜਾਨ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਅਤੇ ਜਾਣ ਦਾ ਵੀ ਸਾਰਾ ਪ੍ਰਬੰਧ ਕੀਤਾ ਸੀ। ਇੰਨਾਂ ਹੀ ਨਹੀਂ ਕਾਲਜ ਦੀ ਫੀਸ ਵੀ ਖ਼ੁਦ ਪਰਿਵਾਰ ਵੱਲੋਂ ਹੀ ਭਰੀ ਗਈ ਸੀ। ਉਹਨਾਂ ਨੇ ਕਿਹਾ ਕਿ ਸਪੇਨ ਜਾਣ ਦੀ ਉਹਨਾਂ ਦੇ ਨਾਲ ਕੋਈ ਵੀ ਗੱਲ ਨਹੀਂ ਹੋਈ ਸੀ ਤੇ ਨਾਲ ਹੀ ਅਜਰਬਾਈਜਾਨ ਦਾ ਸਟੱਡੀ ਵੀਜਾ ਲੱਗਣ ਮਗਰੋਂ 6 ਮਹੀਨੇ ਬਾਅਦ ਪਾਥਵੇ ਸਕੀਮ ਤਹਿਤ ਅੱਗੇ ਹੋਰ ਦੇਸ਼ ਜਾ ਸਕਦੇ ਹਾਂ, ਪਰ ਇਹ ਨੌਜਵਾਨ ਤਿੰਨ ਮਹੀਨਿਆਂ ਵਿੱਚ ਹੀ ਭਾਰਤ ਵਾਪਿਸ ਆ ਗਿਆ ਅਤੇ ਹੁਣ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸਾਨੂੰ ਹੀ ਧਮਕੀਆਂ ਦੇ ਰਿਹਾ ਹੈ।