ਫਰੀਦਕੋਟ: ਝੋਨੇ ਦੀ ਪਾਰਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ ਮੁਕੱਦਮੇ ਖਾਰਜ ਕਰਵਾਉਣ ਅਤੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈਡ ਐਂਟਰੀਆਂ ਖਾਰਜ ਕਰਵਾੳਣ ਲਈ ਬੀਕੇਯੂ ਸਿੱਧੂਪੁਰ ਵੱਲੋਂ ਜੈਤੋ ਵਿਖੇ 22 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਯੂਨੀਅਨ ਦੇ ਸੱਦੇ ਉੱਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਐਸਡੀਐਮ ਦਫ਼ਤਰ ਜੈਤੋ ਦਾ ਘਿਰਾਓ ਕੀਤਾ ਗਿਆ।
ਕਿਸਾਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਉੱਤੇ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਦਰਜ ਰੈਡ ਐਂਟਰੀਆਂ ਖ਼ਤਮ ਕੀਤੀਆਂ ਜਾਣ। ਵੱਡੀ ਗਿਣਤੀ ਵਿਚ ਬੀਕੇਯੂ ਸਿੱਧੂਪੁਰ ਦੇ ਕਾਰਕੁੰਨ ਪਹੁੰਚੇ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਹਿਦਾਇਤ ਦਿੱਤੀ ਸੀ ਕਿ ਕਿਸਾਨਾਂ ਦੀ ਮਦਦ ਕਰੋ ਪਰ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਬਾਅਦ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਦੇ ਹੱਕ ਵਿਚ ਫੈਸਲਾ ਦੇ ਕੇ ਸਾਬਤ ਕਰ ਦਿੱਤਾ ਕਿ ਕਿਸਾਨਾਂ ਦੀਆ ਮੰਗਾਂ ਜਾਇਜ਼ ਸਨ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉੱਤੇ ਧੜਾ ਧੜ ਪਰਾਲੀ ਸਾੜਨ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਜਾਂ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਹੀ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀ ਦਰਜ ਕੀਤੀ ਜਾ ਰਹੀ ਹੈ। ਬੀਕੇਯੂ ਸਿੱਧੂਪੁਰ ਨੇ ਸਰਕਾਰ ਦੀ ਇਸ ਧੱਕੇਸਾਹੀ ਵਿਰੁੱਧ ਜੈਤੋ ਵਿੱਚ ਬੀਤੇ ਸਗਭਗ 22 ਦਿਨਾਂ ਤੋਂ ਧਰਨਾਂ ਲਗਾਇਆ ਹੋਇਆ ਹੈ ਪਰ ਸਰਕਾਰ ਦੇ ਕੰਨ ਉੱਤੇ ਜੂੰਅ ਤੱਕ ਨਹੀਂ ਸਰਕੀ।
ਉਨ੍ਹਾਂ ਕਿਹਾ ਇਸੇ ਲਈ ਅੱਜ ਉਨ੍ਹਾਂ ਨੂੰ ਵੱਡਾ ਇਕੱਠ ਕਰਕੇ ਐਸਡੀਐਮ ਦਫ਼ਤਰ ਦਾ ਘਿਰਾਓ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਬੇਬਸੀ ਜ਼ਾਹਰ ਕੀਤੀ ਹੈ ਅਤੇ ਹੁਣ ਉਹ ਰੇਲਵੇ ਟਰੈਕ ਵੱਲ ਜਾਣਗੇ ਅਤੇ ਜਦੋਂ ਤੱਕ ਉਨ੍ਹਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਧਰਨਾਂ ਜਾਰੀ ਰੱਖਣਗੇ।