ਫਰੀਦਕੋਟ: ਜਿਲ੍ਹਾ ਫਰੀਦਕੋਟ ਦੇ ਪਿੰਡ ਜਿਉਣ ਵਾਲਾ ਵਿੱਚ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਗਈ ਅੱਗ (Fires set on stubble in fields) ਦਾ ਜਾਇਜ਼ਾ ਲੈਣ ਗਏ ਨੋਡਲ ਅਫਸਰ ਪਟਵਾਰੀ ਸੁਖਦੀਪ ਸਿੰਘ ਅਤੇ ਉਸਦੇ ਸਾਥੀ ਪਟਵਾਰੀ ਗੁਰਲਾਲ ਸਿੰਘ ਨੂੰ ਬੀਤੇ ਕਰੀਬ 22 ਘੰਟਿਆਂ ਤੋਂ ਕਿਸਾਨਾਂ ਵਲੋਂ ਬੰਧਕ ਬਣਾਇਆ ਹੋਇਆ ਹੈ।
ਰਾਤ ਵੇਲੇ ਕਿਸਾਨਾਂ ਨਾਲ ਗੱਲਬਾਤ ਕਰਨ ਗਏ ਨਾਇਬ ਤਹਿਸੀਲਦਾਰ ਅਮਨਦੀਪ ਗੋਇਲ ਦੇਰ ਰਾਤ ਹੀ ਵਾਪਸ ਪਰਤ ਆਏ ਸਨ, ਪਰ ਕਿਸਾਨ ਹਾਲੇ ਵੀ ਬਜਿਦ ਹਨ ਅਤੇ ਧਰਨਾ ਲਗਾਤਾਰ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਪਿੰਡ ਜਿਉਣ ਵਾਲਾ ਦੇ ਕਿਸਾਨ ਨਿਰਮਲ ਸਿੰਘ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿਸ ਦਾ ਜਾਇਜ਼ਾ ਲੈਣ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਨੋਡਲ ਅਧਿਕਾਰੀ ਪਟਵਾਰੀ ਸੁਖਦੀਪ ਸਿੰਘ ਜਦ ਕਿਸਾਨ ਦੇ ਖੇਤਾਂ ਵਿਚ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ (Indian Farmers Union) ਦੇ ਆਗੂਆਂ ਵਲੋਂ ਉਹਨਾਂ ਨੂੰ ਖੇਤ ਵਿਚ ਹੀ ਘੇਰ ਲਿਆ ਗਿਆ।
ਇਸ ਤੋਂ ਬਾਅਦ ਜਦ ਨਾਇਬ ਤਹਿਸੀਲਦਾਰ ਅਮਨਦੀਪ ਗੋਇਲ ਕਿਸਾਨਾਂ ਨਾਲ ਗੱਲਬਾਤ ਕਰਨ ਉਥੇ ਪਹੁੰਚੇ ਤਾਂ ਕਿਸਾਨਾਂ ਵਲੋਂ ਉਹਨਾਂ ਨੂੰ ਵੀ ਘੇਰ ਲਿਆ ਗਿਆ ਪਰ ਕਈ ਘੰਟਿਆਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ ਪਰ ਨੋਡਲ ਅਫਸਰ ਪਟਵਾਰੀ ਸੁਖਦੀਪ ਸਿੰਘ ਅਤੇ ਉਸ ਦੇ ਸਾਥੀ ਪਟਵਾਰੀ ਗੁਰਲਾਲ ਸਿੰਘ ਹਾਲੇ ਤੱਕ ਵੀ ਬੰਧਕ ਬਣਾਇਆ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੇਸ਼ਕ ਮਸਲਾ ਸੁਲਝਾਉਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਹੱਲ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਅਧਿਕਾਰੀ ਅਤੇ ਸਰਕਾਰ ਪਰਾਲੀ ਦੇ ਹੱਲ ਲਈ ਸਿਰਫ ਵੱਡੇ ਵੱਡੇ ਦਾਅਵੇ ਹੀ ਕਰ ਰਹੀ ਪਰ ਅਸਲ ਵਿੱਚ ਕੁੱਝ ਨਹੀਂ ਹੋਇਆ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ SGPC ਚੋਣਾਂ ਲਈ ਐਲਾਨਿਆ ਉਮੀਦਵਾਰ, ਹਰਜਿੰਦਰ ਸਿੰਘ ਧਾਮੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਕਿਸਾਨਾਂ ਨੇ ਪਟਵਾਰੀ ਸਮੇਤ ਹੋਰ ਕਈ ਅਧਿਕਾਰੀਆਂ ਦਾ ਘਿਰਾਓ (Surrounded many officials including the Patwari) ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਅਧਿਕਾਰੀ ਜਾ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਖੇਤਾਂ ਵਿੱਚ ਪਹੁੰਚ ਕੇ ਕੰਮ ਵਿੱਚ ਵਿਘਨ ਪਾਉਂਦਾ ਹੈ ਤਾਂ ਉਹ ਇਸੇ ਤਰ੍ਹਾਂ ਹਰ ਅਧਿਕਾਰੀ ਦਾ ਘਿਰਾਓ ਕਰਨਗੇ।