ਫ਼ਰੀਦਕੋਟ: ਖੇਤੀਬਾੜੀ ਦਫ਼ਤਰ ਵਿੱਚ ਉਸ ਸਮੇਂ ਹੰਗਾਮਾਂ ਖੜਾ ਹੋ ਗਿਆ ਜਦੋਂ ਝੋਨੇ ਦਾ ਬੀਜ ਲੈਣ ਆਏ ਕਿਸਾਨਾਂ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਜ ਘੱਟ ਹੋਣ ਦੀ ਗੱਲ ਕਹੀ ਗਈ। ਇਸ ਮੌਕੇ ਜਿੱਥੇ ਕਿਸਾਨਾਂ ਨੇ ਵਿਭਾਗੀ ਅਧਿਕਾਰੀਆਂ 'ਤੇ ਪੱਖਪਾਤ ਕਰਨ ਅਤੇ ਸਿਫ਼ਾਰਸ਼ੀ ਲੋਕਾਂ ਨੂੰ ਬੀਜ ਦੇਣ ਦੇ ਇਲਾਜ਼ਾਮ ਲਗਾਏ। ਉੱਥੇ ਹੀ ਖੇਤੀਬਾੜੀ ਅਧਿਕਾਰੀਆਂ ਨੇ ਬੀਜ ਥੋੜਾ ਹੋਣ ਅਤੇ ਪਹਿਲਾਂ ਉਨ੍ਹਾਂ ਕਿਸਾਨਾਂ ਨੂੰ ਬੀਜ ਵੰਡਣ ਦੀ ਗੱਲ ਕਹੀ ਜਿਨ੍ਹਾਂ ਦੀਆਂ ਪਰਚੀਆਂ ਪਹਿਲਾਂ ਕੱਟੀਆਂ ਗਈਆਂ ਸਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਖੇਤੀਬਾੜੀ ਦੇ ਦਫ਼ਤਰ ਆਏ ਹੋਏ ਹਨ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ 40 ਕੁਇੰਟਲ ਬੀਜ ਆਇਆ ਪਰ ਬਾਅਦ ਵਿਚ ਕਹਿੰਦੇ 40 ਗੱਟੇ ਹੀ ਆਏ ਹਨ।
ਉਨ੍ਹਾਂ ਦੋਸ਼ ਲਗਾਏ ਕਿ ਸਿਰਫ਼ ਸਿਫ਼ਾਰਸੀ ਲੋਕਾਂ ਨੂੰ ਹੀ ਬੀਜ ਵੰਡਿਆ ਜਾ ਰਿਹਾ ਹੈ ਅਤੇ ਬਾਅਦ ਵਿਚ ਬੀਜ ਦੁਕਨਦਾਰਾਂ ਨੂੰ ਵੇਚਿਆ ਜ਼ਾ ਰਿਹਾ ਜੋ ਕਿਸਾਨਾਂ ਨੂੰ ਮਹਿੰਗੇ ਭਾਅ ਵੇਚਣਗੇ।
ਇਸ ਮੌਕੇ ਜਦ ਬੀਜ ਵੰਡ ਰਹੇ ਖੇਤੀਬਾੜੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਜ ਥੋੜਾ ਆਇਆ ਹੈ ਅਤੇ ਪਹਿਲਾਂ ਉਨ੍ਹਾਂ ਲੋਕਾਂ ਨੂੰ ਵੰਡਿਆ ਜਾ ਰਿਹਾ ਜਿਨ੍ਹਾਂ ਨੂੰ ਕੱਲ੍ਹ ਪਰਚੀਆਂ ਦਿਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜੋ ਕਿਸਾਨ ਰੌਲਾ ਪਾ ਰਹੇ ਹਨ ਉਹ ਅੱਜ ਆਏ ਹਨ ਅਤੇ ਅਸੀਂ ਉਨ੍ਹਾਂ ਇੰਤਜ਼ਾਰ ਕਰਨ ਲਈ ਕਿਹਾ ਜੇਕਰ ਬੀਜ ਵੱਧ ਗਿਆ ਤਾਂ ਇਨ੍ਹਾਂ ਨੂੰ ਦਿੱਤਾ ਜਾਵੇਗਾ।