ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਵਿਸੇਸ਼ ਪ੍ਰੈਸ ਕਾਨਫ੍ਰੰਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਦੇਸ਼ ਦੇ ਕਿਸਾਨਾਂ ਖਿਲਾਫ ਇਕ ਹੋਰ ਵੱਡਾ ਫੈਸਲਾ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਖਰਾਬ ਹੋ ਜਾਵੇਗੀ।
ਬਾਹਰੀ ਦੇਸ਼ਾਂ ਤੋਂ ਕਣਕ ਸਮੇਤ ਹੋਰ ਫਸਲਾਂ ਦੀ ਦਰਾਮਦ: ਕਿਸਾਨ ਆਗੂ ਡੱਲੇਵਾਲ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਕੇਂਦਰ ਸਰਕਾਰ ਬਾਹਰੀ ਦੇਸ਼ਾਂ ਤੋਂ ਕਣਕ ਸਮੇਤ ਹੋਰ ਫਸਲਾਂ ਦੀ ਦਰਾਮਦ 'ਤੇ ਲਗਦੀ ਕਰੀਬ 40 ਪ੍ਰਤੀਸ਼ਤ ਇੰਪੋਰਟ ਡਿਊਟੀ ਬੰਦ ਕਰਨ ਜਾ ਰਹੀ ਹੈ। ਜਿਸ ਨਾਲ ਬਾਹਰੀ ਮੁਲਕਾਂ ਦੀਆਂ ਫਸਲਾਂ ਭਾਰਤੀ ਮੰਡੀਆਂ ਵਿਚ ਵਿਕਣ ਲਈ ਆਉਣਗੀਆਂ ਤੇ ਭਾਰਤੀ ਕਿਸਾਨਾਂ ਦੀਆਂ ਫਸਲਾਂ ਜਿੰਨਾਂ 'ਤੇ ਬਹੁਤ ਜਿਆਦਾ ਲਾਗਤ ਆਉਂਦੀ ਹੈ, ਉਹ ਵਿਦੇਸ਼ੀ ਮੁਲਕਾਂ ਦੀਆਂ ਫਸਲਾਂ ਦੇ ਮੁਕਾਬਲੇ ਮਹਿੰਗੀਆਂ ਹੋਣਗੀਆਂ।
ਆਰਥਿਕ ਕੰਗਾਲੀ ਦਾ ਸ਼ਿਕਾਰ ਹੋਣਗੇ ਦੇਸ਼ ਦੇ ਕਿਸਾਨ: ਡੱਲੇਵਾਲ ਨੇ ਦੱਸਿਆ ਕਿ ਇਸ ਨਾਲ ਭਾਰਤੀ ਕਿਸਾਨਾਂ ਦੀਆ ਫਸਲਾਂ ਦੀ ਮੰਗ ਘੱਟ ਜਾਵੇਗੀ ਅਤੇ ਦੇਸ਼ ਦੇ ਕਿਸਾਨ ਆਰਥਿਕ ਕੰਗਾਲੀ ਦਾ ਸ਼ਿਕਾਰ ਹੋਣਗੇ। ਉਹਨਾਂ ਕਿਹਾ ਕਿ ਇਹ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਵਿਨਾਸ਼ ਵਾਲਾ ਫੈਸ਼ਲਾ ਹੈ, ਜਿਸ ਨੂੰ ਲਾਗੂ ਹੋਣ ਤੋਂ ਰੋਕਣ ਲਈ ਦੇਸ਼ ਦੇ ਸਾਰੇ ਕਿਸਾਨਾਂ ਨੂੰ ਮਿਲ ਕੇ ਤਗੜਾ ਸੰਘਰਸ਼ ਵਿੱਢਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ।
'ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਜ਼ਾਲਮ ਮੁੱਖ ਮੰਤਰੀ': ਇਸ ਦੇ ਨਾਲ ਹੀ ਬੀਤੇ ਦਿਨ ਕਿਸਾਨਾਂ ਉਪਰ ਹੋਏ ਲਾਠੀਚਾਰਜ ਅਤੇ ਕਿਸਾਨਾਂ ਦੀ ਫੜੋਫੜਾਈ ਦੇ ਮਾਮਲੇ ਵਿਚ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਜ਼ਾਲਮ ਮੁੱਖ ਮੰਤਰੀ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਉਹਨਾਂ ਕੋਲ ਪੈਸੇ ਦੀ ਕੋਈ ਕਮੀਂ ਨਹੀਂ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਬੱਕਰੀ ਅਤੇ ਮੁਰਗੀ ਤੱਕ ਦਾ ਦਿੱਤਾ ਜਾਵੇਗਾ, ਦੂਸਰੇ ਪਾਸੇ ਸਰਕਾਰ ਦੇ ਮੰਤਰੀ ਕਹਿ ਰਹੇ ਹਨ ਕਿ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਮੁਆਵਜਾ ਕਿਥੋਂ ਦੇਈਏ। ਕੇਂਦਰ ਸਰਕਾਰ ਤੋਂ ਵਿਸ਼ੇਸ ਪੈਕਿਜ ਮਿਲਿਆ ਤਾਂ ਦੇਵਾਂਗੇ।
ਸਰਕਾਰ ਦਾ ਤਾਨਾਸ਼ਾਹੀ ਰਵੱਈਆ: ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਇਸੇ ਨੂੰ ਲੈ ਕੇ ਪੀੜਤ ਕਿਸਾਨਾਂ ਦੇ ਹੱਕ ਵਿਚ ਆਵਾਜ ਬੁਲੰਦ ਕਰਨ ਲਈ ਹੀ ਕਿਸਾਨ ਚੰਡੀਗੜ੍ਹ ਜਾ ਰਹੇ ਸਨ, ਜਿੰਨਾਂ ਨੂੰ ਸਰਕਾਰ ਨੇ ਰਾਹ ਵਿਚ ਰੋਕ ਕੇ ਕੁੱਟਿਆ, ਜਿਸ ਵਿਚ ਇਕ ਕਿਸਾਨ ਦੀ ਮੌਤ ਵੀ ਹੋਈ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕਿਆ ਗਿਆ। ਇਹ ਤਾਨਾਸ਼ਾਹੀ ਜਾਂ ਡਿਕਟੇਟਰਸਿੱਪ ਨਹੀਂ ਤਾਂ ਹੋਰ ਕੀ ਹੈ।
ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਹੋ ਰਹੀ ਕੋਸ਼ਿਸ਼: ਡੱਲੇਵਾਲ ਦਾ ਕਹਿਣਾ ਕਿ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਅਵਾਜ਼ ਉਠਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਪੰਜਾਬ ਸਰਕਾਰ ਲੋਕਾਂ ਦੀ ਅਵਾਜ ਨੂੰ ਦਬਾਉਣਾ ਚਹਾਉਂਦੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਦੀ ਸੋਚ ਵੱਖਰੀ ਹੈ ਪਰ ਕਿਸਾਨਾਂ ਦੇ ਸਾਂਝੇ ਮਸਲਿਆਂ 'ਤੇ ਉਹ ਬਾਕੀ ਕਿਸਾਨ ਜਥੇਬੰਦੀਆਂ ਦੇ ਨਾਲ ਹਨ ਅਤੇ ਉਹਨਾਂ ਦਾ ਸੰਘਰਸ਼ ਕਰ ਰਹੇ ਕਿਸਨਾਂ ਨਾਲ ਪੂਰਾ ਸਮਰਥਨ ਹੈ। ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਧੱਕੇਸਾਹੀ ਨਹੀਂ ਕਰਨ ਦਿੱਤੀ ਜਾਵੇਗੀ।