ਫ਼ਰੀਦਕੋਟ: ਸਥਾਨਕ ਸ਼ਹਿਰ ਦੇ ਅਧੀਨ ਪੈਦੇ ਪਿੰਡ ਪੰਜਗਰਾਂਈ ਵਿਖੇ ਸਥਿਤ ਇੱਕ ਧਾਰਮਿਕ ਡੇਰੇ ਵਿੱਚ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਉਨ੍ਹਾਂ ਦੀ ਕਥਿਤ ਨਾਜਾਇਜ਼ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।
ਜਿਨ੍ਹਾਂ ਨੂੰ ਇਲਾਜ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਡੇਰੇ ਵਿੱਚ ਮੱਥਾ ਟੇਕਣ ਆਉਂਦੇ ਰਹਿੰਦੇ ਹਨ। ਬੀਤੇ ਕੁਝ ਮਹੀਨਿਆ ਤੋਂ ਲੌਕਡਾਊਨ ਦੇ ਚਲਦੇ ਉਹ ਇੱਥੇ ਆ ਨਹੀਂ ਸਕੇ, ਤੇ ਇਸ ਦੌਰਾਨ ਡੇਰੇ ਦੇ ਮੁੱਖ ਸੇਵਾਦਰ ਬਾਬੇ ਦੀ ਮੌਤ ਹੋ ਗਈ ਸੀ, ਜਿਸ ਦੇ ਅਫ਼ਸੋਸ ਲਈ ਉਹ ਪਿੰਡ ਪੰਜਗਰਾਂਈ ਸਥਿਤ ਡੇਰੇ ਵਿੱਚ ਆਏ ਸਨ।
ਉਨ੍ਹਾਂ ਕਿਹਾ ਕਿ ਜਦੋ ਉਹ ਡੇਰੇ ਦੇ ਅੰਦਰ ਬੈਠੇ ਗੱਲਾਂ ਕਰ ਰਹੇ ਸਨ ਤਾਂ ਪਿੰਡ ਦੇ ਕੁਝ ਲੋਕਾਂ ਨੇ ਆ ਕੇ ਉਨ੍ਹਾਂ ਦੀ ਬਿਨ੍ਹਾਂ ਕਿਸੇ ਗੱਲ ਤੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਕਿਹਾ ਕਿ ਉਹ ਡੇਰੇ ਦੇ ਪੁਰਾਣੇ ਸਰਧਾਲੂ ਹਨ, ਪਰ ਪਿੰਡ ਦੇ ਕੁਝ ਲੋਕਾਂ ਨੇ ਉਨ੍ਹਾਂ ਦੀ ਨਾਜਾਇਜ਼ ਕੁੱਟਮਾਰ ਤੇ ਉਨ੍ਹਾਂ ਨੂੰ ਜਲੀਲ ਕੀਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆ ਖਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਹੈ।