ਫ਼ਰੀਦਕੋਟ: ਸ਼ਹਿਰ ਵਿੱਚ ਪਿਛਲੇ 3 ਸਾਲਾਂ ਤੋਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਜੋ ਪੂਰਾ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਕੀਤੀ ਹੋਈ ਹੈ, ਜਿਸ ਕਰਕੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਕੰਨਟਰੈਕਟ ਕੰਪਨੀ ਦੇ ਨੁਮਾਇੰਦੇ ਨਾਲ ਜਦ ਗੱਲ ਕੀਤੀ ਤਾਂ ਉਸ ਨੇ ਪ੍ਰਸ਼ਾਸਨ ਦੀ ਨਾਕਾਮੀ ਦੀਆਂ ਵੱਡੀਆਂ ਪੋਲਾਂ ਖੋਲ੍ਹੀਆਂ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਲਈ ਜਗ੍ਹਾ ਹੀ ਅਲਾਟ ਨਹੀਂ ਹੋਈ ਹੈ।
ਉਨ੍ਹਾਂ ਦੱਸਿਆ ਕਿ 2016 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਫਰੰਟ ਉਨ੍ਹਾਂ ਨੂੰ ਅਪ੍ਰੈਲ 2019 ਵਿੱਚ ਮਿਲਿਆ ਜਿਸ ਕਰਕੇ ਪੂਰੇ ਤਰੀਕੇ ਨਾਲ ਕੰਮ ਉਹ ਅਪ੍ਰੈਲ ਵਿੱਚ ਸ਼ੁਰੂ ਕਰ ਸਕੇ। ਆਮ ਲੋਕਾਂ ਨੇ ਇਸ 'ਤੇ ਰੋਸ ਜਤਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਕੰਮ ਵੀ ਬਿਲਕੁਲ ਠੱਪ ਹੋਏ ਪਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿਛਲੇ ਤਿੰਨ ਸਾਲਾਂ ਵਿੱਚ ਇਨ੍ਹਾਂ ਸੜਕਾਂ ਕਰਕੇ ਬਹੁਤ ਨੁਕਸਾਨ ਹੋ ਚੁੱਕਿਆ ਹੈ
ਇਹ ਵੀ ਪੜ੍ਹੋ: ਦਿੱਲੀ ਚੋਣਾਂ: ਬੀਜੇਪੀ ਨੇ ਜਾਰੀ ਕੀਤੀ ਦੂਜੀ ਲਿਸਟ, ਕੇਜਰੀਵਾਲ ਵਿਰੁੱਧ ਲੜਨਗੇ ਸੁਨੀਲ ਯਾਦਵ
ਇਸ ਸਬੰਧੀ ਜਦ ਸੀਵਰੇਜ ਵਿਭਾਗ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੰਟਰੈਕਟ ਕੰਪਨੀ 'ਤੇ ਦੋਸ਼ ਲਗਾਏ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਤੋਂ ਪੱਲਾ ਝਾੜਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਲਈ ਜਗ੍ਹਾ ਪਾਸ ਹੋ ਚੁੱਕੀ ਹੈ ਅਤੇ 2 ਮਹੀਨੇ ਦੇ ਅੰਦਰ ਇਹ ਜਗ੍ਹਾ ਅਲਾਟ ਕਰ ਦਿੱਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਇਸ ਸੀਵਰੇਜ ਦਾ ਕੰਮ ਪੂਰਾ ਹੋਵੇਗਾ ਅਤੇ ਲੋਕਾਂ ਨੂੰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਰਾਹਤ ਮਿਲੇਗੀ।