ਫ਼ਰੀਦਕੋਟ : ਪੰਜਾਬ 'ਚ ਪਰਾਲੀ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸਮੇਂ ਸਮੇਂ 'ਤੇ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕ ਕੀਤਾ ਜਾਂਦਾ ਹੈ।
ਇਸੇ ਕੜੀ 'ਚ ਫ਼ਰੀਦਕੋਟ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਚਲਾਈ ਗਈ ਹੈ। ਇਸ ਵੈਨ ਨੂੰ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਡੀਸੀ ਵਿਮਲ ਸੇਤੀਆ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਖੇਤੀਬਾੜੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨ ਸ਼ਹਿਰ ਦੇ ਤਕਰੀਬਨ 200 ਪਿੰਡਾਂ 'ਚ ਪਹੁੰਚ ਕੇ ਕਿਸਾਨਾਂ ਨੂੰ ਜਾਗਰੂਕ ਕਰੇਗੀ । ਇਸ ਵੈਨ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਜ਼ਮੀਨੀ ਨੁਕਸਾਨ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ ਜਾਵੇਗਾ। ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਜ਼ਿਲ੍ਹੇ 'ਚ 22 ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ। ਜੋ ਕਿ ਆਪਣੇ ਇਲਾਕਿਆਂ ਵਿੱਚ ਵਿਸ਼ੇਸ਼ ਨਿਗਰਾਨੀ ਕਰਨਗੇ।
ਡੀਸੀ ਨੇ ਦੱਸਿਆ ਪਰਾਲੀ ਸਾੜਨ ਨਾ ਮਹਿਜ਼ ਜ਼ਮੀਨੀ ਨੁਕਸਾਨ ਤੇ ਪ੍ਰਦੂਸ਼ਣ ਹੁੰਦਾ ਹੈ, ਬਲਕਿ ਇਹ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਹੈ। ਪਰਾਲੀ ਦੇ ਧੂੰਏਂ ਨਾਲ ਲੋਕਾਂ ਨੂੰ ਸਾਹ ਸਬੰਧੀ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰਾਲੀ ਸਾੜਨ ਨਾਲ ਜਿਥੇ ਅਗਜ਼ਨੀ ਦੀਆਂ ਘਟਨਾਵਾਂ ਵਾਪਰਦੀਆਂ ਹਨ, ਉਥੇ ਹੀ ਪਸ਼ੂ ਪੰਛੀਆਂ ਲਈ ਵੀ ਪਰਾਲੀ ਦਾ ਧੂੰਆਂ ਨੁਕਸਾਨਦਾਇਕ ਹੈ।