ਫ਼ਰੀਦਕੋਟ : ਪੰਜਾਬ ਸਰਕਾਰ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰ ਨਿੱਜੀ ਅਦਾਰਿਆਂ ਰਾਹੀਂ ਸੇਵਾਵਾਂ ਦੇਣ ਲਈ ਬਹੁਤ ਕਾਹਲੀ ਨਜ਼ਰ ਆਉਂਦੀ ਹੈ। ਹੁਣ ਕੈਪਟਨ ਸਰਕਾਰ ਨੇ ਪੰਜਾਬ ਦੇ ਪੈਸਕੋ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਵਿੱਚ ਬਤੌਰ ਸੁਰੱਖਿਆ ਕਰਮੀਆਂ ਵਜੋਂ ਸੇਵਾਵਾਂ ਨਿਭਾ ਰਹੇ ਸਾਬਕਾ ਫੌਜੀਆਂ ਨੂੰ ਨਿੱਜੀ ਕੰਪਨੀ ਕੋਲ ਕੰਮ ਕਰਨ ਲਈ ਕਿਹਾ ਹੈ। ਇਸ ਦੇ ਵਿਰੋਧ ਵਜੋਂ ਸਹਿਕਾਰੀ ਬੈਂਕਾਂ ਵਿੱਚ ਸੁਰੱਖਿਆ ਕਰਮੀਆਂ ਵਜੋਂ ਕੰਮ ਕਰਦੇ ਸਾਬਕਾ ਫੌਜੀਆਂ ਨੇ ਫ਼ਰੀਦਕੋਟ ਵਿੱਚ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂ ਹਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਸਾਬਕਾ ਫੌਜੀਆਂ ਦੀ ਰੋਜੀ ਰੋਟੀ 'ਤੇ ਲੱਤ ਮਾਰ ਰਹੀ ਹੈ।ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ ਪੈਸਕੋ ਨੂੰ ਇੱਕ ਨਿੱਜੀ ਕੰਪਨੀ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਸੂਬਾ ਸਰਕਾਰ ਨੇ ਕੀਤੀ ਹੋਈ ਹੈ। ਉਨ੍ਹਾਂ ਕਿਹਾ ਸਰਕਾਰ ਨਿੱਜੀ ਕੰਪਨੀ ਤੋਂ ਕੰਮ ਕਰਵਾਉਣ ਪਿੱਛੇ ਪ੍ਰਤੀ ਕਰਮਚਾਰੀ ਦੋ ਹਜ਼ਾਰ ਰੁਪਏ ਦੇ ਲਾਭ ਦੀ ਗੱਲ ਆਖ ਰਹੀ ਹੈ।
ਉਨ੍ਹਾਂ ਕਿਹਾ ਸਰਕਾਰ ਸਿੱਧਾ ਹੀ ਸਾਬਕਾ ਫੌਜੀਆਂ ਨੂੰ ਬੈਂਕ ਵਿੱਚ ਉਸੇ ਰੇਟ 'ਤੇ ਰੱਖ ਲਵੇ। ਹਰਦੇਵ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਦਾ ਫਿਰ ਵੀ ਘਾਟਾ ਪੂਰਾ ਨਹੀਂ ਹੁੰਦਾ ਤਾਂ ਉਹ ਮੁਫਤ ਨੌਕਰੀ ਕਰਨ ਲਈ ਵੀ ਤਿਅਰ ਹਨ, ਬੇਸ਼ਰਤ ਵਿਧਾਇਕ ਅਤੇ ਮੰਤਰੀ ਆਪਣੀਆਂ ਤਨਖਾਹਾਂ ਸਰਕਾਰੀ ਘਾਟਾ ਪੂਰਾ ਕਰਨ ਲਈ ਦੇਣ।
ਇਸ ਮੌਕੇ ਸਹਿਕਾਰੀ ਬੈਂਕ ਵਿੱਚ ਬਤੌਰ ਸੁਰੱਖਿਆ ਕਰਮੀ ਕੰਮ ਕਰਨ ਵਾਲੇ ਸਾਬਕਾ ਫੌਜੀ ਰਣਜਤੀ ਸਿੰਘ ਨੇ ਦੱਸਿਆ ਕਿ ਪੈਸਕੋ ਲਿਮਿਟਡ ਕੰਪਨੀ ਹੈ। ਇਸ ਰਾਹੀਂ ਸਾਨੂੰ ਬਹੁਤ ਸਾਰੀਆਂ ਜਾਇਜ਼ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਿੱਜੀ ਕੰਪਨੀ ਤੋਂ ਕੰਮ ਕਰਵਾਉਣ ਦੀ ਬਜਾਏ ਪੈਸਕੋ ਤੋਂ ਹੀ ਕੰਮ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।