ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੌਕਡਾਊਨ ਦੇ ਚਲਦੇ ਵਿਸ਼ਵ ਪੱਧਰ 'ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਕੰਮ ਪ੍ਰਭਾਵਿਤ ਹੋਏ ਹਨ। ਜੇਕਰ ਗੱਲ ਕਰੀਏ ਫਰੀਦਕੋਟ ਦੀ ਤਾਂ ਜ਼ਿਲ੍ਹੇ ਅੰਦਰ ਸਰਕਾਰੀ ਤੌਰ 'ਤੇ ਪ੍ਰਮੁੱਖ ਵਿਕਾਸ ਕਾਰਜ ਠੱਪ ਹੋ ਗਏ ਹਨ।
ਬੀਤੇ ਕਈ ਸਮੇਂ ਤੋਂ ਜ਼ਿਲ੍ਹੇ ਅੰਦਰ ਕੰਪਲੀਟ ਸੀਵਰੇਜ ਸਿਸਟਮ ਪੈ ਰਿਹਾ ਸੀ, ਇਹ ਕੰਮ ਸਰਕਾਰ ਦੀ ਅਣਦੇਖੀ ਜਾ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਮਿਥੇ ਸਮੇਂ ਤੋਂ ਪਹਿਲਾਂ ਹੀ ਦੇਰੀ ਨਾਲ ਚੱਲ ਰਿਹਾ ਹੈ, ਅਜਿਹੇ 'ਚ ਹੁਣ ਲੌਕਡਾਊਨ ਕਰਕੇ ਇਹ ਕੰਮ ਬੰਦ ਹੋ ਗਿਆ ਹੈ।
ਮਾਹਿਰਾਂ ਮੁਤਾਬਕ ਜ਼ਿਲ੍ਹੇ ਅੰਦਰ ਸੀਵਰੇਜ ਸਿਸਟਮ ਦਾ ਕੰਮਕਾਜ ਹੋਰ 6 ਮਹੀਨੇ ਪਛੜ ਕੇ ਪੂਰਾ ਹੋਵੇਗਾ। ਫ਼ਰੀਦਕੋਟ ਨੂੰ ਬਠਿੰਡਾ ਅਤੇ ਮੋਗਾ ਰੋਡ ਨਾਲ ਜੋੜਦਾ ਚਹਿਲ ਰੋਡ ਤੇ ਨਹਿਰ ਦਾ ਬਣਿਆ ਪੁਲ ਧੱਸ ਜਾਣ ਕਾਰਨ ਉਸ ਦੀ ਉਸਾਰੀ ਵੀ ਨਵੇਂ ਸਿਰੇ ਤੋਂ ਹੋ ਰਹੀ ਸੀ ਪਰ ਲੌਕਡਾਊਨ ਕਾਰਨ ਇਸ ਦਾ ਕੰਮ ਵੀ ਬੰਦ ਹੈ।
ਜਿਕਰਯੋਗ ਹੈ ਕਿ ਜ਼ਿਆਦਾਤਰ ਸਰਕਾਰੀ ਕੰਮਾਂ 'ਤੇ ਪ੍ਰਵਾਸੀ ਮਜਦੂਰ ਕੰਮ ਕਰਦੇ ਸਨ। ਲੌਕਡਾਊਨ ਦੇ ਚਲਦੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਕੰਮ ਤੋਂ ਵਿਹਲੇ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪੈ ਗਏ।
ਭੁੱਖਮਰੀ ਦੇ ਚਲਦੇ ਸਾਰੇ ਮਜ਼ਦੂਰ ਆਪਣੇ ਆਪਣੇ ਗ੍ਰਹਿ ਰਾਜ ਮੁੜਣ ਲੱਗ ਗਏ। ਹੁਣ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨੇ ਪੂਰੀ ਤਰ੍ਹਾਂ ਇਨ੍ਹਾਂ ਨੂੰ ਬੰਦ ਹੋਂਣ ਦੀ ਕਗਾਰ 'ਤੇ ਖੜ੍ਹਾ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਇਹ ਪ੍ਰਾਜੈਕਟ ਕਈ ਮਹੀਨੇ ਲਟਕ ਸਕਦੇ ਹਨ।
ਹੁਣ ਜੇਕਰ ਇਹ ਵਿਕਾਸ ਕਾਰਜ ਸ਼ੁਰੂ ਹੁੰਦੇ ਹਨ ਤਾਂ ਲੇਬਰ ਦੀ ਵੱਡੀ ਸਮੱਸਿਆ ਪ੍ਰਸ਼ਾਸ਼ਨ ਸਾਹਮਣੇ ਖੜੀ ਹੋ ਜਾਵੇਗੀ ਜਿਸ ਨਾਲ ਇਹਨਾਂ ਪ੍ਰਾਜੈਕਟਾਂ ਦੇ ਕਈ ਮਹੀਨੇ ਲਟਕਣ ਦੀ ਸੰਭਾਵਨਾ ਹੈ।