ਫ਼ਰੀਦਕੋਟ: ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਪੰਜਾਬ ਪੁਲਿਸ ਦੇ ਮੁਖੀ ਦੇ ਨਾਂਅ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਫ਼ਰੀਦਕੋਟ ਨੂੰ ਸੌਂਪਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਪੱਤਰਕਾਰਾਂ ਉੱਤੇ ਆਏ ਦਿਨ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਹਾਲ ਹੀ ਵਿੱਚ ਤਰਨ ਤਾਰਨ ਦੇ ਪਿੰਡ ਵਿਚ ਨਿੱਜੀ ਚੈਨਲ ਦੇ ਪੱਤਰਕਾਰ ਪਵਨ ਸ਼ਰਮਾ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਅਨਿਲ ਕੁਮਾਰ ਨੇ ਕਿਹਾ ਕਿ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਜੋ ਮੰਗ ਪੱਤਰ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੀਂ ਜਲਦ ਹੀ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਮੁਸਕਿਲਾਂ ਤੋਂ ਜਾਣੂ ਕਰਵਾਉਣਗੇ।
ਉੱਥੇ ਹੀ ਜ਼ਿਲ੍ਹਾ ਇਲੈਕਟ੍ਰਾਨਿਕਸ ਮੀਡੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਪੰਜਾਬ ਅੰਦਰ ਆਏ ਦਿਨ ਪੱਤਰਕਾਰਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਪੱਤਰਕਾਰ ਭਾਈਚਾਰਾ ਆਪਣੇ ਆਪ ਨੂੰ ਸੂਬੇ ਅੰਦਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਕਿਹਾ ਹਾਲ ਹੀ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਾਰੇ ਗਏ ਤਰਨ ਤਾਰਨ ਦੇ ਪਿੰਡ ਪੰਡੋਰੀ ਗੇਲਾਂ ਦੇ 2 ਨੌਜਵਾਨਾਂ ਦੀ ਜਦ ਖ਼ਬਰ ਦੀ ਕਵਰੇਜ ਲਈ ਪੱਤਰਕਾਰ ਪਵਨ ਸ਼ਰਮਾ ਆਪਣੇ ਸਾਥੀਆਂ ਸਮੇਤ ਪਿੰਡ ਪੰਡੋਰੀ ਗੇਲਾਂ ਗਿਆ ਤਾਂ ਜਿਸ ਪੱਖ 'ਤੇ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਇਲਜ਼ਾਮ ਲੱਗ ਰਹੇ ਹਨ, ਦੇ ਸਮਰੱਥਕਾਂ ਨੇ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਸ਼ਰਾਬ ਦਾ ਕਥਿਤ ਨਾਜਾਇਜ਼ ਕਾਰੋਬਾਰ ਕਰਨ ਵਾਲੇ ਕਥਿਤ ਦੋਸ਼ੀ ਸਰਪੰਚ ਦੇ ਘਰ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਮੂੰਹ ਵਿੱਚ ਸ਼ਰਾਬ ਤੱਕ ਵੀ ਪਾਈ।
ਬਾਅਦ ਵਿੱਚ ਪੁਲਿਸ ਨੇ ਆ ਕੇ ਛੁਡਵਾਇਆ ਸੀ ਪਰ ਕਰੀਬ 3 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।