ਅਧਿਆਪਕਾਂ ਤੇ ਕੀਤੇ ਗਏ ਲਾਠੀਚਾਰਜ ਤੇ ਪਾਣੀ ਦੀਆਂ ਵਾਛੜਾਂ ਕਰਨ ਦਾ ਵਿਰੋਧ ਕਰਦਿਆਂ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਵਿਭਾਗੀ ਅਤੇ ਸਾਂਝੀਆ ਮੰਗਾਂ ਦੇ ਲਈ 12 ਫਰਵਰੀ ਨੂੰ ਪੰਜਾਬ ਵਿੱਚ ਕਾਲੀਆ ਝੰਡੀਆਂ ਫੜ੍ਹ ਕੇ ਮੋਟਰਸਾਇਕਲ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਯੂਨੀਅਨ ਆਗੂਆਂ ਨੇ ਮੰਗਾ ਨਾਂ ਮੰਨੇ ਜਾਣ ਦੇ ਵਿਰੋਧ 'ਚ 13 ਫਰਵਰੀ ਤੋਂ 17 ਫਰਵਰੀ ਤੱਕ ਕਲਮਛੋੜ ਹੜਤਾਲ 'ਤੇ ਜਾਣ ਦਾ ਵੀ ਐਲਾਨ ਕੀਤਾ।
ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਅਣਮਿੱਥੇ ਸਮੇਂ ਤੱਕ ਸਮੂਹਿੱਕ ਛੁੱਟੀ ਲੈ ਕੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦਾ ਮੁਕੰਮਲ ਕੰਮਕਾਜ ਠੱਪ ਕਰਨ ਦੀ ਘੁਰਕੀ ਵੀ ਦਿੱਤੀ। ਇਸ ਸਬਧੀ ਡੀਸੀ ਦਫ਼ਤਰ ਮੁਲਾਜਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜੋ ਅਧਿਆਪਕ ਸਾਥੀਆਂ ਤੇ ਸਰਕਾਰੀ ਤਸੱਦਦ ਹੋਇਆ ਉਸ ਦੀ ਉਹ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਵਿਰੋਧੀ ਨੀਤੀਆਂ ਅਪਣਾ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾਂ ਚਾਹੁੰਦੀ ਹੈ। ਇਸ ਦੇ ਚਲਦਿਆਂ ਯੂਨੀਅਨ ਆਗੂਆਂ ਵੱਲੋਂ ਕੱਲ੍ਹ ਕਾਲੀਆਂ ਝੰਡੀਆਂ ਅਤੇ ਸਰਕਾਰ ਵਿਰੋਧੀ ਨਾਰਿਆ ਵਾਲੀਆਂ ਤਖਤੀਆਂ ਫੜ੍ਹ ਕੇ ਮੋਟਰਸਾਇਕ ਰੈਲੀ ਕੀਤੀ ਜਾਵੇਗੀ।