ਫ਼ਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ, ਜਦੋਂ ਭੇਦਭਰੇ ਹਾਲਤ ਵਿੱਚ ਇੱਕ ਕੋਰੋਨਾ ਮਰੀਜ਼ ਦੀ ਹਸਪਤਾਲ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ।
ਜਾਣਕਾਰੀ ਮੁਤਾਬਕ ਪਿੰਡ ਠਠੀ ਭਾਈ ਜ਼ਿਲ੍ਹਾ ਮੋਗਾ ਦੇ 45 ਸਾਲਾ ਅਵਤਾਰ ਸਿੰਘ ਨੂੰ ਕੋਰੋਨਾ ਪੌਜ਼ੀਟਿਵ ਪਾਏ ਜਾਣ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਆਈਸੋਲੇਟ ਵਾਰਡ ਵਿੱਚ ਦਾਖਲ ਕੀਤਾ ਗਿਆ ਸੀ। ਦੇਰ ਰਾਤ ਜਦੋਂ ਉਹ ਪਿਸ਼ਾਬ ਕਰਨ ਲਈ ਉੱਠਿਆ ਤਾਂ ਬਾਥਰੂਮ ਦਾ ਦਰਵਾਜਾ ਖੋਲ੍ਹਣ ਦੀ ਬਜਾਏ ਪਾਇਪ ਲਾਈਨ ਲਈ ਬਣੇ ਹੋਲ ਵਾਲਾ ਦਰਵਾਜਾ ਖੋਲ ਲਿਆ ਅਤੇ ਹੇਠਾਂ ਡਿੱਗ ਗਿਆ, ਜਿਸ ਕਾਰਨ ਅਵਤਾਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਪਰਿਵਾਰਕ ਮੈਂਬਰ ਹਸਪਤਾਲ ਪ੍ਰਸ਼ਾਸਨ ਅਤੇ ਸਟਾਫ ਤੇ ਲਾਪਰਵਾਹੀ ਦੇ ਦੋਸ਼ ਲਗਾ ਰਹੇ ਹਨ।
ਮ੍ਰਿਤਕ ਦੇ ਮੁੰਡੇ ਸੁਰਿੰਦਰ ਕੁਮਾਰ ਨੇ ਕਿਹਾ ਕੀ ਬੀਤੇ ਦਿਨ ਉਸਦੇ ਪਿਤਾ ਨੂੰ ਕੋਰੋਨਾ ਵਾਰਡ ਵਿੱਚ ਦਾਖਲ ਕੀਤਾ ਗਿਆ ਸੀ, ਜਿੱਥੇ ਸ਼ਾਮ ਨੂੰ ਸਟਾਫ ਦੇ ਇੱਕ ਆਦਮੀ ਨੇ ਦੱਸਿਆ ਕਿ ਅਵਤਾਰ ਸਿੰਘ ਬੈਡ 'ਤੇ ਨਹੀਂ ਹੈ। ਥੋੜ੍ਹੀ ਦੇਰ ਹੀ ਦੂਜਾ ਸਟਾਫ ਮੈਂਬਰ ਨੇ ਕਿਹਾ ਕਿ ਉਹ ਵਾਰਡ ਵਿੱਚ ਹੀ ਹੈ ਅਤੇ ਸੋ ਰਹੇ ਹਨ। ਸ਼ੱਕ ਪੈਣ 'ਤੇ ਵੀਡੀਓ ਕਾਲ ਦੀ ਗੱਲ ਕਹੀ ਤਾਂ ਸੂਚਨਾ ਮਿਲੀ ਕਿ ਬਾਥਰੂਮ ਵਿੱਚ ਪੈਰ ਤਿਲਕਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪਤਾ ਲੱਗਾ ਕਿ ਪਾਇਪ ਲਾਈਨ ਦੇ ਹੋਲ ਵਿੱਚ ਡਿੱਗਣ ਕਾਰਨ ਉਸਦੇ ਪਿਤਾ ਦੀ ਮੌਤ ਹੋਈ ਹੈ।
ਉਸਨੇ ਦੋਸ਼ ਲਾਇਆ ਕਿ ਹਸਪਤਾਲ ਦੇ ਵਾਰਡ ਵਿੱਚ ਸਟਾਫ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ। ਉਸਨੇ ਕਿਹਾ ਕਿਉਂ ਬਾਥਰੂਮ ਦੇ ਦਰਵਾਜਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਹੋਲ ਵਾਲੇ ਦਰਵਾਜ਼ੇ ਨੂੰ ਖੁੱਲ੍ਹਾ ਛੱਡਿਆ ਗਿਆ?
ਸੁਰਿੰਦਰ ਕੁਮਾਰ ਨੇ ਮੰਗ ਕੀਤੀ ਕਿ ਹਸਪਤਾਲ ਪ੍ਰਬੰਧਕਾਂ ਵਿਰੁੱਧ ਜਾਂਚ ਕੀਤੀ ਜਾਵੇ ਅਤੇ ਲਾਪਰਵਾਹੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ। ਸਿਟੀ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਅਵਤਾਰ ਸਿੰਘ ਦੀ ਮੌਤ ਪਾਈਪ ਲਾਈਨ ਵਿੱਚ ਡਿੱਗਣ ਨਾਲ ਹੋਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਸੌਂਪ ਦਿੱਤਾ ਹੈ।