ਫ਼ਰੀਦਕੋਟ: ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦਾ ਮਜ਼ਾਕ ਉਡਾਉਂਦਿਆਂ ਕੈਪਟਨ ਨੇ ਕਿਹਾ ਕਿ ਲੋਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਤੇ ਨਾ ਹੀ ਕਦੇ ਭੁੱਲਣਗੇ।
ਕੈਪਟਨ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਨੂੰ ਇਹ ਸੁਝਾਅ ਦੇਣ ਲਈ ਸ਼ਰਮਸਾਰ ਹੋਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕੈਪਟਨ ਨੇ ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਾਪਰੀਆਂ ਘਟਨਾਵਾਂ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਜਾਂ ਦੋ ਨਹੀਂ ਸਗੋਂ 58 ਗੁਰੂ ਗ੍ਰੰਥ ਸਾਹਿਬਾਨ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ ਅਨੇਕਾਂ ਗੁਟਕਾ ਸਾਹਿਬ, ਸ਼੍ਰੀਮਦ ਭਾਗਵਤ ਗੀਤਾ, ਪਵਿੱਤਰ ਬਾਈਬਲ ਤੇ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਕੁਝ ਇੱਥੇ ਵਾਪਰਿਆ, ਪੰਜਾਬ ਉਸ ਨੂੰ ਕਦੇ ਨਹੀਂ ਵੀ ਭੁੱਲ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਥਾਨਕ ਵਾਸੀਆਂ ਦੀ ਇਕ ਕਮੇਟੀ ਕਾਇਮ ਕਰਨਗੇ ਜੋ ਇਹ ਫ਼ੈਸਲਾ ਕਰੇਗੀ ਕਿ ਉਹ ਕਿਵੇਂ ਦੀ ਯਾਦਗਾਰ ਬਣਾਉਣਾ ਚਾਹੁੰਦੇ ਹਨ।