ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਵਿੱਚ 10 ਸਤੰਬਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਕਈ ਵੱਡੇ ਤੱਥ ਸਾਹਮਣੇ ਆਏ ਹਨ। ਅਦਾਲਤ ਵਿੱਚ ਸਾਬਕਾ ਇਸਪੈਕਟਰ ਅਤੇ ਤਤਕਾਲੀਨ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸ਼ਰਮਾ ਦੇ ਰੀਡਰ ਰਹੇ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਮੌਕੇ ਸੁਣਵਾਈ ਦੌਰਾਨ ਕਈ ਤੱਥ ਸਾਹਮਣੇ ਆਏ ਹਨ। ਇਸ ਮੌਕੇ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਸ ਸਾਰੇ ਕਾਂਡ ਦੀ ਸਾਜ਼ਿਸ਼ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈਜੀ ਪਰਮਰਾਜ ਉਮਰਾਨੰਗਲ ਨੇ ਰਚੀ ਸੀ। ਪ੍ਰਦੀਪ ਸਿੰਘ ਦੇ ਵਕੀਲ ਜਤਿੰਦਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਬਾਰੇ ਫੈਸਲਾ 15 ਸਤੰਬਰ ਨੂੰ ਆਵੇਗਾ।
ਗੱਲਬਾਤ ਦੌਰਾਨ ਵਕੀਲ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਅਦਾਲਤ ਨੇ ਰਿਕਾਰਡ ਕਰਦੇ ਹੋਏ ਪ੍ਰਦੀਪ ਸਿੰਘ ਦੇ ਬਿਆਨ ਦੀ ਕਾਪੀ ਦਿੱਤੀ ਸੀ। ਇਸ 'ਤੇ ਐੱਸਆਈਟੀ ਨੇ ਕੋਈ ਉਜਰ ਜ਼ਾਹਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸੁਣਵਾਈ ਦੌਰਾਨ ਪੀੜਤ ਪਰਿਵਾਰਾਂ ਵੱਲੋਂ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਪ੍ਰਦੀਪ ਸਿੰਘ ਮੁੱਖ ਮੁਲਜ਼ਮ ਹੈ, ਇਸ ਕਾਰਨ ਇਸ ਨੂੰ ਸਰਕਾਰੀ ਗਵਾਹ ਨਾ ਬਣਾਇਆ ਜਾਵੇ।
ਉਨ੍ਹਾਂ ਕਿਹਾ ਇਸ 'ਤੇ ਜਦੋਂ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਤੋਂ ਪੁੱਛਿਆ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਕੌਣ ਹਨ ਤਾਂ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਕਿਹਾ ਕਿ ਪ੍ਰਦੀਪ ਸਿੰਘ ਵੀ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਹੈ। ਇਸੇ ਨਾਲ ਹੀ ਐੱਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਮੁਜ਼ਲਮ ਉਸ ਵੇਲੇ ਦੇ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਹਨ।