ਫ਼ਰੀਦਕੋਟ: ਬਹਿਬਲ ਕਲਾ ਗੋਲੀ ਕਾਂਡ ਦੇ ਮੁੱਖ ਗਵਾਹ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸੁਰਜੀਤ ਸਿੰਘ ਦੀ ਮੌਤ ਦਾ ਕਾਰਨ ਮਾਨਸਿਕ ਦਬਾਅ ਦੱਸਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬਹਿਬਲ ਕਾਂਡ ਦਾ ਗਵਾਹ ਹੋਣ ਕਾਰਨ ਸੁਰਜੀਤ ਸਿੰਘ ਉਪਰ ਕਾਫ਼ੀ ਮਾਨਸਿਕ ਦਬਾਅ ਸੀ। ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਹਮੇਸ਼ਾ ਕਹਿੰਦਾ ਸੀ ਕਿ ਉਸ ਨੇ ਖੁਦ ਹੀ ਆਪਣੀ ਜਾਨ ਨੂੰ ਸਿਆਪਾ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੂੰ ਜਲੀਲ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਸੁਣਵਾਈ ਨਹੀ ਹੁੰਦੀ।
ਸੁਰਜੀਤ ਸਿੰਘ ਦੀ ਪਤਨੀ ਨੇ ਪਿੰਡ ਦੇ ਹੀ ਇਕ ਕਾਂਗਰਸੀ ਆਗੂ 'ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵੱਲ 20-20 ਫਾਇਰ ਚੁੱਕੇ ਹਨ।
ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਗਵਾਹੀ ਦੇਣ 'ਤੇ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਤੋਂ ਧੱਕੇ ਨਾਲ ਬਿਆਨ ਲਏ ਗਏ ਅਤੇ ਉਸ ਦੇ ਪਤੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪਿੱਛੋਂ ਉਨ੍ਹਾਂ ਦੀ ਕਿਸੇ ਵੀ ਜਥੇਬੰਦੀ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਦੇ ਚਲਦੇ ਹੀ ਬਿਜਲੀ ਵਾਲਿਆਂ ਨੇ ਉਨ੍ਹਾਂ ਨੂੰ ਬਿਨਾਂ ਵਜ੍ਹਾ 50 ਹਜ਼ਾਰ ਰੁਪਏ ਦਾ ਜੁਰਮਾਨਾ ਪਾਇਆ।
ਦੱਸ ਦੇਈਏ ਸੁਰਜੀਤ ਸਿੰਘ, ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਮੁੱਖ ਗਵਾਹ ਵਜੋਂ ਪੇਸ਼ ਹੋਇਆ ਸੀ। ਇਸ ਪਿੰਡ ਦੇ ਬਾਹਰਬਾਰ ਬਹਿਬਲ ਗੋਲੀ ਕਾਂਡ ਵਾਪਰਿਆ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ।
ਇਹ ਵੀ ਪੜੋ: ਉੱਘੇ ਆਜ਼ਾਦੀ ਘੁਲਾਟੀਏ ਦਰਬਾਰਾ ਸਿੰਘ ਦਾ ਦੇਹਾਂਤ
ਜ਼ਿਕਰਯੋਗ ਹੈ ਕਿ ਕੋਟਕਪੁਰਾ ਅਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਕਰ ਰਹੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਬਦਲੀ ਹੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਲਟਕਣੀ ਸ਼ੁਰੂ ਹੋ ਗਈ ਹੈ। ਪਿਛਲੀਆਂ ਲਗਾਤਾਰ ਦੋ ਤਰੀਕਾਂ 'ਤੇ ਸੈਸ਼ਨ ਜੱਜ ਨਾ ਹੋਣ ਕਾਰਨ ਮਾਮਲੇ ਦੀ ਕੋਈ ਸੁਣਵਾਈ ਨਹੀ ਹੋ ਸਕੀ। ਨਵਾਂ ਜੱਜ ਨਾ ਆਉਣ ਕਾਰਨ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਨੇ ਕੋਟਕਪੁਰਾ ਤੇ ਬਹਿਬਲ ਕਾਂਡ ਮਾਮਲੇ ਸੁਣਵਾਈ 7 ਫਰਵਰੀ ਤੱਕ ਟਾਲ ਦਿੱਤੀ ਹੈ।