ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨੇ ਦੋਸ਼ ਲਗਾਏ ਹਨ ਕਿ ਬੀਤੇ ਕੁਝ ਦਿਨ ਪਹਿਲਾਂ ਉਸ ਦੇ ਪੋਤਰੇ ਦੀ ਕੁਝ ਲੋਕ ਰਾਸਤੇ ਵਿੱਚ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਉਹ ਆਪਣੇ ਪੋਤਰੇ ਨੂੰ ਛੁਡਵਾਉਣ ਲੱਗੀ ਤਾਂ ਹਮਲਾਵਰਾਂ ਨੇ ਉਸ ਦੀ ਵੀ ਬੁਰੀ ਤਰਾਂ ਕੁੱਟਮਾਰ ਕੀਤੀ। ਬਜ਼ੁਰਗ ਔਰਤ ਨੇ ਪੁਲਿਸ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ, ਜਦੋ ਕਿ ਪੁਲਿਸ ਨੇ ਮਾਮਲੇ ਦੀ ਤਫਤੀਸ ਕੀਤੇ ਜਾਣ ਅਤੇ ਬਣ ਦੀ ਕਾਰਵਾਈ ਅਮਲ ਵਿੱਚ ਲਿਆਂਦੇ ਜਾਣ ਦੀ ਗੱਲ ਕਹੀ ਹੈ।
ਮਾਮਲਾ ਜ਼ਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਦਾ ਹੈ, ਜਿਥੋਂ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਜਸਵੀਰ ਕੌਰ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਜਦੋਂ ਆਪਣੀ ਲੜਕੀ ਨੂੰ ਬੱਸ ਸਟੈਂਡ ਤੋਂ ਬੱਸ ਚੜ੍ਹਾ ਕੇ ਆ ਰਹੀ ਸੀ ਤਾਂ ਰਾਸਤੇ ਵਿੱਚ ਉਸ ਦੇ ਪੋਤਰੇ ਨਾਲ 5 ਲੋਕ ਕੁੱਟਮਾਰ ਕਰ ਰਹੇ ਸਨ। ਜਦੋਂ ਮਹਿਲਾ ਨੇ ਪੋਤਰੇ ਦਾ ਬਚਾਅ ਕਾਰਨਾਂ ਚਾਹਿਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ।
ਬਜ਼ੁਰਗ ਮਹਿਲਾ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਪਰ ਪੁਲਿਸ ਵੱਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਔਰਤ ਦੇ ਮੁੰਡੇ ਨੇ ਕਿਹਾ ਕਿ ਉਨ੍ਹਾਂ ਨਾਲ ਸਾਰੀ ਧੱਕੇਸ਼ਾਹੀ ਕਥਿਤ ਪੰਚਾਇਤ ਦੇ ਕਰਕੇ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਚੌਂਕੀ ਇੰਚਾਰਜ ਪੰਜਗਰਾਈਂ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ ਔਰਤ ਦੀ ਕੁੱਟਮਾਰ ਸਬੰਧੀ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਜਿਸ ਦੀ ਤਫਤੀਸ ASI ਗੁਰਜੰਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।