ਫਰੀਦਕੋਟ: ਜੈਤੋ ਤੋਂ ਆਪ ਦੇ ਵਿਧਾਇਕ ਅਮੋਲਕ ਸਿੰਘ ਦੀ ਲੋਕਪ੍ਰਿਅਤਾ ਦਾ ਇਸ ਗੱਲ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਪੁਰਾਣੇ ਵਰਕਰ ਨੇ ਆਪਣੇ ਘਰ ਪੈਦਾ ਹੋਏ ਨਵਜੰਮੇ ਬੱਚੇ ਦਾ ਨਾਮ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦੇ ਨਾਮ ਉੱਪਰ ਰੱਖਿਆ। ਜ਼ਿਕਰਯੋਗ ਹੈ ਕਿ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀ ਸੰਦੀਪ ਸਿੰਘ ਬਮਰਾਹ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਵਿਧਾਇਕ ਅਮੋਲਕ ਸਿੰਘ ਦੇ ਚੋਣ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਆਪਣੇ ਘਰ ਪੈਦਾ ਹੋਏ ਪੁੱਤਰ ਦਾ ਨਾਮ ਵੀ ਅਮੋਲਕ ਸਿੰਘ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਅਮੋਲਕ ਸਿੰਘ ਨੂੰ ਜੈਤੋ ਤੋਂ ਟਿਕਟ ਮਿਲੀ ਤਾਂ ਮੈਂ ਅਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਸੀ ਕਿ ਸਾਡੇ ਜੋ ਵੀ ਬੱਚਾ ਹੋਵੇਗਾ ਉਸਦਾ ਨਾਮ ਅਮੋਲਕ ਹੀ ਰੱਖਾਂਗੇ।
ਸੰਦੀਪ ਸਿੰਘ ਦਾ ਕਹਿਣਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਅਤੇ ਇਸਦਾ ਨਾਮ ਅਮੋਲਕ ਸਿੰਘ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਸਾਡਾ ਅਮੋਲਕ ਵੀ ਵੱਡਾ ਹੋ ਕੇ ਵਿਧਾਇਕ ਅਮੋਲਕ ਸਿੰਘ ਵਾਂਗ ਬੁਲੰਦੀਆਂ ਛੂਹੇ ਅਤੇ ਹਮੇਸ਼ਾ ਹੱਕ ਅਤੇ ਸੱਚ ਦਾ ਸਾਥ ਦੇਵੇ।
ਇਸ ਗੱਲ ਦੀ ਖ਼ਬਰ ਮਿਲਦਿਆਂ ਹੀ ਵਿਧਾਇਕ ਅਮੋਲਕ ਸਿੰਘ ਆਪਣੇ ਸਾਥੀਆਂ ਸਮੇਤ ਸੰਦੀਪ ਸਿੰਘ ਦੇ ਗ੍ਰਹਿ ਪਹੁੰਚੇ ਅਤੇ ਨਵਜਾਤ ‘ਅਮੋਲਕ’ ਨੂੰ ਚੁੱਕ ਕੇ ਪਿਆਰ ਦਿੱਤਾ। ਆਪਣੇ ਸਾਥੀ ਦੁਆਰਾ ਇੰਨ੍ਹਾਂ ਮਾਣ ਦਿੱਤੇ ਜਾਣ ਤੇ ਵਿਧਾਇਕ ਅਮੋਲਕ ਕਾਫੀ ਭਾਵੁਕ ਦਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਮਾਨ ਸਰਕਾਰ ’ਤੇ ਤਿੱਖਾ ਹਮਲਾ