ਫ਼ਰੀਦਕੋਟ: ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਵਿਚਕਾਰ ਲੰਘਦੀ ਸੜਕ 'ਤੇ ਲੰਮੇ ਪੈ ਕੇ ਪ੍ਰਸਾਸ਼ਨ ਨੂੰ ਭਾਜੜਾਂ ਪਾ ਦਿੱਤੀਆਂ। ਦੇਖਦੇ ਹੀ ਦੇਖਦੇ ਔਰਤਾਂ ਸਮੇਤ ਕੋਟਕਪੂਰਾ ਸ਼ਹਿਰ ਦੇ ਲੋਕ ਵੀ ਵਿਧਾਇਕ ਦੇ ਨਾਲ ਸੜਕ 'ਤੇ ਉੱਤਰ ਆਏ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਲਗਾਤਰ ਮੀਂਹ ਅਤੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੇ ਬੱਚਿਆਂ ਨੂੰ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਘਰਾਂ ਤੱਕ ਦੁੱਧ ਜਾਂ ਜ਼ਰੂਰੀ ਵਸਤਾਂ ਨਹੀਂ ਪਹੁੰਚ ਰਹੀਆਂ ਕਿਉਂਕਿ ਕੋਈ ਵੀ ਗੰਦੇ ਪਾਣੀ ਵਿੱਚੋਂ ਲੰਘਣ ਤੋਂ ਗੁਰੇਜ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸਾਸ਼ਨ ਨੂੰ ਲਿਖਤੀ ਦਰਖਾਸਤਾਂ ਵੀ ਦੇ ਚੁੱਕੇ ਹਾਂ ਪਰ ਅੱਜ ਤੱਕ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਇਸੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੋਕਾਂ ਸਮੇਤ ਸੜਕਾਂ 'ਤੇ ਉੱਤਰਨਾ ਪਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਉਹ ਕੋਟਕਪੂਰਾ ਸ਼ਹਿਰ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਵਾਉਣ ਲਈ ਸੜਕ 'ਤੇ ਲੰਮੇ ਪੈਣ ਲਈ ਮਜਬੂਰ ਹੋਏ ਹਨ ਕਿਉਂਕਿ ਕੋਟਕਪੂਰਾ ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਵਿਕਾਸ ਲਈ ਕਰੋੜਾਂ ਰੁਪਏ ਦਾ ਫ਼ੰਡ ਆਉਣ ਦੇ ਬਾਵਜੂਦ ਲੋਕਾਂ ਦੀਆਂ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਜਦ ਕੈਪਟਨ ਹੀ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਦੇ ਤਾਂ ਮੌਜੂਦਾ ਲੀਡਰ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਿਉਂ ਬਾਹਰ ਆਉਣਗੇ। ਉਨ੍ਹਾਂ ਕਿਹਾ ਜਦ ਤੱਕ ਲੋਕਾਂ ਦੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਹ ਇਸੇ ਤਰ੍ਹਾਂ ਲੰਮੇ ਪਏ ਰਹਿਣਗੇ।
ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦਾ ਗੁੱਸਾ ਆਪਣੀ ਜਗ੍ਹਾ ਬਿਲਕੁੱਲ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਪਾਈਪ ਲਾਈਨ ਖ਼ਰਾਬ ਹੋਣ ਕਰਕੇ ਪਾਣੀ ਓਵਰ ਫਲੋ ਹੋਇਆ ਸੀ ਅਤੇ ਉਸ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਾਮ ਤੱਕ ਇਸ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਸਭ ਨੇ ਧਰਨਾ ਚੁੱਕਣ ਲਈ ਸਹਿਮਤੀ ਦੇ ਦਿੱਤੀ ਹੈ।