ਫਰੀਦਕੋਟ: ਪੰਜਾਬ ਅੰਦਰ ਹਾਈ ਅਲਰਟ ਦੇ ਚੱਲਦਿਆਂ ਵੀ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਏ ਦਿਨ ਕਿਤੇ ਨਾਂ ਕਿਤੇ ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਜ਼ਿਲ੍ਹੇ ਅੰਦਰ ਜਿੱਥੇ ਦਿਨ ਦਿਹਾੜੇ ਹੌਂਡਾ ਸਿਟੀ ਕਾਰ ਪਰ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਨੌਜਵਾਨਾਂ ਕਿ ਨੌਜਵਾਨ ਨੂੰ ਉਸ ਦੇ ਘਰੋਂ ਬੁਲਾ ਕੇ ਗੋਲੀ ਮਾਰ ਦਿੱਤੀ। ਨੌਜਵਾਨ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਜਖਮੀਂ ਨੌਜਵਾਨ ਦੀ ਪਛਾਣ ਜ਼ਿਲ੍ਹੇ ਦੇ ਪਿੰਡੀ ਬਲੋਚਾਂ ਦੇ ਰਹਿਣ ਵਾਲੇ ਅਰਸ਼ਦੀਪ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜਖਮੀਂ ਨੌਂਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਕਿਸੇ ਭੋਗ ਸਮਾਗਮ ਤੋਂ ਜਦ ਘਰ ਆਇਆ ਤੇ ਕੁਝ ਨੌਜਵਾਨਾਂ ਨੇ ਘਰ ਦਾ ਦਰਵਾਜਾ ਖੜਕਾ ਕੇ ਉਸ ਦੇ ਲੜਕੇ ਅਰਸ਼ ਬਾਰੇ ਪੁੱਛਿਆ,ਉਸ ਨੇ ਦੱਸਿਆ ਕਿ ਜਦ ਉਸ ਨੇ ਆਪਣੇ ਲੜਕੇ ਨੂੰ ਬਾਹਰ ਭੇਜਿਆ ਤਾਂ ਫਾਇਰ ਹੋਣ ਦੀ ਆਵਾਜ਼ ਆਈ ਅਤੇ ਉਸ ਦਾ ਲੜਕਾ ਮਾਰਤਾ-ਮਾਰਤਾ ਦਾ ਰੌਲਾ ਪਾਉਂਦਾ ਹੋਇਆ ਅੰਦਰ ਆਇਆ ਜਿਸ ਨੂੰ ਗੋਲੀ ਲੱਗੀ ਹੋਈ ਸੀ।
ਪੀੜਤ ਨੇ ਦੱਸਿਆ ਕਿ ਗੰਭੀਰ ਹਾਲਤ ਵਿੱਚ ਉਸ ਨੂੰ ਫ਼ਰੀਦਕੋਟ ਦਾਖਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਹਸਪਤਾਲ ਆਏ ਸਨ ਅਤੇ ਉਨ੍ਹਾਂ ਨੇ ਸਾਰੇ ਮਾਮਲੇ ਬਾਰੇ ਉਨ੍ਹਾਂ ਤੋਂ ਪੁਛਿਆ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕੀਤੀ ਜਾਂਚ ਅਤੇ ਜਖਮੀਂ ਨੌਜਵਾਨ ਨਾਲ ਕੀਤੀ ਗੱਲਬਾਤ ਤੋਂ ਪਤਾ ਚੱਲਿਆ ਕਿ ਹਮਲਾਵਰ ਹੌਂਡਾ ਸਿਟੀ ਕਾਰ ’ਤੇ ਆਏ ਸਨ। ਜਿੰਨਾਂ ਨੌਜਵਾਨ ਨੂੰ ਇੱਕ ਗੋਲੀ ਮਾਰੀ ਅਤੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਮਾਮਲਾ: 11 ਜੂਨ ਤੱਕ ਪੁਲਿਸ ਰਿਮਾਂਡ 'ਤੇ ਪ੍ਰਭਦੀਪ ਸਿੰਘ ਪੱਬੀ