ਫਰੀਦਕੋਟ: ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਈਟੀਵੀ ਭਾਰਤ ਨੇ ਪੰਜਾਬ ਸਰਕਾਰ ਵੱਲੋਂ ਮੈਨੀਫੈਸਟੋ 'ਚ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਤੋਂ ਕਰਵੇਜ ਕੀਤੀ ਹੈ। ਉੱਥੇ ਹੀ ਅੱਜ ਈਟੀਵੀ ਭਾਰਤ ਦੀ ਟੀਮ ਫਰੀਦਕੋਟ ਪੁੱਜੀ। ਜਿੱਥੇ ਲੋਕਾਂ ਨੇ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ।
ਹਰ ਵਰਗ ਦੁਖੀ
ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੈਪਟਨ ਸਰਕਾਰ ਦੇ ਕੀਤੇ ਕੰਮਾਂ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਦੇ ਕੰਮਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਿਸਾਨ ਵਰਗ, ਮੁਲਾਜ਼ਮ ਵਰਗ, ਵਪਾਰੀ ਵਰਗ ਤੇ ਹਰ ਵਿਅਕਤੀ ਕਾਫ਼ੀ ਦੁਖੀ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਜੋ ਵੀ ਵਾਅਦੇ ਕੀਤੇ ਹਨ, ਉਸ ਵਿੱਚੋਂ ਕੋਈ ਵੀ ਵਾਅਦਾ ਉਸ ਨੇ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਮਹੀਨਾ-ਮਹੀਨਾ ਪੇਸ਼ਨ ਤੱਕ ਨਹੀ ਮਿਲਦੀ। ਉਨ੍ਹਾਂ ਕਿਹਾ ਕਿ ਨਾ ਤਾਂ ਗਰੀਬਾਂ ਨੂੰ ਸਗਨ ਸਕੀਮ ਮਿਲ ਰਿਹਾ ਹੈ ਤੇ ਨਾ ਹੀ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਜਾ ਰਹੇ ਹਨ। ਲੋਕਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਲਈ 10 ਵਿਚੋਂ 0 ਨੰਬਰ ਦਿੱਤੇ।
ਕੈਪਟਨ ਸਰਕਾਰ ਫ਼ੇਲ੍ਹ
ਪੰਜਾਬ ਸਰਕਾਰ ਨੇ ਸਰਕਾਰ ਬਣਾਉਣ ਵੇਲੇ ਵਿਕਾਸ, ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ, ਸਮਾਰਟਫ਼ੋਨ ਵੰਡਣ ਤੇ ਨਸ਼ੇ ਦੇ ਖ਼ਾਤਮੇ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ। ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ 3 ਸਾਲ ਪੂਰੇ ਹੋਣ ਵਾਲੇ ਹਨ, ਪਰ ਇਹ ਵਾਅਦੇ ਰੱਖੇ ਦੇ ਰੱਖੇ ਰਹਿ ਗਏ।
ਇੰਨਾ ਹੀ ਨਹੀਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਨਹੀਂ ਸੁਣੀਆਂ ਜਾਂਦੀਆਂ, ਕਿਸਾਨ ਆਏ ਦਿਨ ਧਰਨੇ ਦਿੰਦੇ ਰਹਿੰਦੇ, ਬੇਰੁਜ਼ਗਾਰ ਨੇ ਮੋਰਚੇ ਲਾਏ ਹਨ, ਸਰਕਾਰੀ ਮੁਲਾਜ਼ਮ ਤਨਖ਼ਾਹਾਂ ਲਈ ਧਰਨੇ ਦੇ ਰਹੇ ਹਨ, ਤੇ ਉਡੀਕ ਕਰਦੇ ਹਨ ਕਿ ਕੋਈ ਸਾਡੀ ਆ ਕੇ ਸਾਰ ਲਵੇਗਾ। ਇਹ ਹੈ ਪੰਜਾਬ ਦੇ ਹਾਲਾਤ। ਕੀ ਅਗਲੇ 2 ਸਾਲ ਵੀ ਕੈਪਟਨ ਸਰਕਾਰ ਦੇ ਇਹ ਹਲਾਤ ਰਹਿਣਗੇ?