ਚੰਡੀਗੜ : ਪੰਜਾਬ ਮੰਤਰੀ ਮੰਡਲ ਨੇ ਸੂਬੇ ਦੇ ਸਾਰੇ ਚਿੜੀਆਘਰਾਂ ਦੀਆਂ ਟਿਕਟਾਂ ਦੀ ਆਮਦਨ ਅਤੇ ਹੋਰ ਵਸੀਲਿਆਂ ਤੋਂ ਇਕੱਤਰ ਹੁੰਦੇ ਮਾਲੀਏ ਨੂੰ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਪੁਰਾਣੀ ਪ੍ਰਣਾਲੀ ਨੂੰ ਮੁੜ ਅਮਲ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬੇ ਦੇ ਚਿੜੀਆਘਰਾਂ ਖ਼ਾਸ ਕਰਕੇ ਛੱਤਬੀੜ ਚਿੜੀਆਘਰ ਵਿੱਚ ਆਉਣ ਵਾਲੇ ਲੋਕਾਂ ਦੀ ਵੱਧ ਰਹੀ ਤਾਦਾਦ ਦੇ ਮੱਦੇਨਜ਼ਰ ਲਿਆ ਗਿਆ। ਇਸ ਦੇ ਨਾਲ ਹੀ ਚਿੜੀਆਘਰਾਂ ਦੇ ਸਾਂਭ-ਸੰਭਾਲ ਲਈ ਦਿਨੋ-ਦਿਨ ਵੱਧ ਰਹੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਵੀ ਸਨਮੁੱਖ ਰੱਖਿਆ ਗਿਆ ਹੈ।
ਇਸ ਫ਼ੈਸਲੇ ਨਾਲ 5 ਫਰਵਰੀ, 2018 ਨੂੰ ਕੈਬਨਿਟ ਸਬ-ਕਮੇਟੀ ਵੱਲੋਂ ਲਿਆ ਫੈਸਲਾ ਵੀ ਮਨਸੂਖ ਹੋ ਗਿਆ ਜਿਸ ਵਿੱਚ ਸੁਸਾਇਟੀ ਨੂੰ ਸਾਰੀ ਆਮਦਨ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਖੇਡ ਮੰਤਰੀ ਨੇ ਸਾਂਭੀਆਂ ਨਵਜੋਤ ਸਿੱਧੂ ਦੀ ਕੋਠੀ ਦੀਆਂ ਚਾਭੀਆਂ
ਇੱਥੇ ਜ਼ਿਕਰਯੋਗ ਹੈ ਕਿ ਚਿੜੀਆਘਰਾਂ ਦੇ ਵਿਕਾਸ ਲਈ 26 ਜੂਨ, 2012 ਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਨੋਟੀਫਾਈ ਕੀਤੀ ਸੀ ਅਤੇ ਇੱਕ ਅਪ੍ਰੈਲ, 2013 ਤੋਂ ਚਿੜੀਆਘਰਾਂ ਦੀ ਐਂਟਰੀ ਟਿਕਟਾਂ ਦੀ ਆਮਦਨ ਸੁਸਾਇਟੀ ਦੇ ਖਾਤਿਆਂ ਵਿੱਚ ਹੀ ਜਮ੍ਹਾਂ ਕਰਾਈ ਜਾ ਰਹੀ ਸੀ। ਅਕਾਊਂਟੈਂਟ ਜਨਰਲ ਵੱਲੋਂ ਇਤਰਾਜ਼ ਉਠਾਉਣ ਤੋਂ ਬਾਅਦ ਸਮੁੱਚੀ ਆਮਦਨ ਨੂੰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣ ਦਾ ਫ਼ੈਸਲਾ ਲਿਆ ਗਿਆ ਸੀ।