ਚੰਡੀਗੜ੍ਹ: ਸੰਗੀਤ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਹੈ। ਸੰਗੀਤ ਦੀਆਂ ਧੁਨਾਂ ਰੂਹਾਨੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਵੱਲ ਜ਼ਿੰਦਗੀ ਦੇ ਕਈ ਪੜਾਵਾਂ ਨੂੰ ਲੈ ਜਾਂਦੀਆਂ ਹਨ। ਸੰਗੀਤ ਸਾਰੀ ਤਰ੍ਹਾਂ ਦਾ ਹੁੰਦਾ ਹੈ ਉਦਾਸ, ਖੁਸ਼ੀ ਵਾਲਾ, ਲੋਕ ਸੰਗੀਤ ਅਤੇ ਪੌਪ ਸੰਗੀਤ। ਪੰਜਾਬ ਸੱਭਿਆਚਾਰ ਵਿੱਚ ਸੰਗੀਤ ਦੀ ਬੜੀ ਅਮੀਰ ਵਿਰਾਸਤ ਹੈ- ਪੰਜਾਬੀ ਲੋਕ ਸੰਗੀਤ, ਪੌਪ ਸੰਗੀਤ, ਸੂਫੀ ਅਤੇ ਕਲਾਸੀਕਲ। ਪਰ, ਸਮੇਂ ਦੇ ਨਾਲ-ਨਾਲ ਪੰਜਾਬੀ ਸੰਗੀਤ ਦੀਆਂ ਕਦਰਾਂ ਕੀਮਤਾਂ ਅਤੇ ਪੇਸ਼ਕਾਰੀ ਦਾ ਢੰਗ ਵੀ ਬਦਲ ਗਿਆ। ਪੰਜਾਬ ਦੇ ਲੋਕ ਸੰਗੀਤ ਦੀ ਆਪਣੀ ਹੀ ਮਹੱਤਤਾ ਹੈ ਜਿਸ ਨੂੰ ਚਾਰ ਚੰਨ ਲਗਾਉਂਦੇ ਹਨ ਲੋਕ ਸਾਜ਼, ਪਰ ਆਧੁਨਿਕ ਪੰਜਾਬੀ ਸੰਗੀਤ ਵਿਚੋਂ ਕਈ ਲੋਕ ਸਾਜ਼ ਅਲੋਪ ਹੋ ਗਏ ਹਨ।
ਜ਼ਿੰਦਗੀ ਵਿੱਚ ਸੰਗੀਤ ਦੀ ਕੀ ਮਹੱਤਤਾ: ਜ਼ਿੰਦਗੀ ਨੂੰ ਤਣਾਅਮੁਕਤ ਕਰਨ ਲਈ ਸੰਗੀਤ ਦੀ ਬੜੀ ਮਹੱਤਤਾ ਹੈ। ਕੋਈ ਵੀ ਅਜਿਹਾ ਇਨਸਾਨ ਨਹੀਂ ਹੈ, ਜੋ ਸੰਗੀਤ ਸੁਣਨਾ ਪਸੰਦ ਨਾ ਕਰੇ। ਕਿਹਾ ਜਾਂਦਾ ਹੈ ਕਿ ਰੱਬ ਨੂੰ ਮਿਲਣ ਦਾ ਸਭ ਤੋਂ ਸੌਖਾ ਰਸਤਾ ਸੰਗੀਤ ਵਿਚੋਂ ਹੋ ਕੇ ਜਾਂਦਾ ਹੈ। ਸੰਗੀਤ ਹਕੀਕੀ ਇਸ਼ਕ ਤੋਂ ਮਜਾਜ਼ੀ ਇਸ਼ਕ ਤੱਕ ਸਾਰੇ ਪੜਾਵਾਂ ਦੀ ਗੱਲ ਕਰਦਾ ਹੈ। ਹਰ ਬੰਦੇ ਦੀ ਜ਼ਿੰਦਗੀ ਵਿੱਚ ਸੰਗੀਤ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਹੈ। ਜੇਕਰ ਕਿਸੇ ਨੂੰ ਗਾਉਣਾ ਜਾਂ ਵਜਾਉਣਾ ਨਹੀਂ ਆਉਂਦਾ ਤਾਂ ਉਹ ਸੰਗੀਤ ਸੁਣ ਕੇ ਆਪਣੀ ਰੂਹ ਨੂੰ ਤਸੱਲੀ ਦੇ ਦਿੰਦਾ ਹੈ।
ਪੰਜਾਬੀ ਸੰਗੀਤ ਵਿਚੋਂ ਅਲੋਪ ਹੋਏ ਸਾਜ਼: ਪੰਜਾਬੀ ਸੰਗੀਤ ਦੀਆਂ ਤਰੰਗਾਂ ਕਈ ਸਾਜ਼ਾਂ ਵਿਚੋਂ ਨਿਕਲ ਕੇ ਦੇਸ਼ ਦੁਨੀਆਂ ਦੇ ਸਰੋਤਿਆਂ ਦਾ ਮਨ ਮੋਹ ਲੈਂਦੀਆਂ ਹਨ। ਪਰ, ਲੋਕ ਗੀਤਾਂ ਵਿੱਚ ਸੰਗੀਤ ਦਾ ਰਸ ਘੋਲਣ ਵਾਲੇ ਕਈ ਸਾਜ਼ ਆਧੁਨਿਕ ਸੰਗੀਤ ਵਿਚੋਂ ਅਲੋਪ ਹੋ ਗਏ ਹਨ। ਇਹ ਸਾਜ਼ ਹਨ- ਚਿਮਟਾ ਘੜਾ, ਢੱਡ, ਨਗਾਰਾ, ਖੰਜਰ, ਤੂੰਬੀ, ਸਾਰੰਗੀ ਅਤੇ ਘੁਮਚੂ। ਤੁੰਬੀ ਲੱਕੜ ਅਤੇ ਚਮੜੇ ਤੋਂ ਬਣਿਆ ਇੱਕ ਸਿੰਗਲ-ਤਾਰ ਵਾਲਾ ਸਾਜ਼ ਹੈ। ਇਹ ਇੱਕ ਪਲੇਕਟਰਮ ਨਾਲ ਵਜਾਇਆ ਜਾਂਦਾ ਹੈ ਅਤੇ ਆਮ ਤੌਰ 'ਤੇ ਪੰਜਾਬੀ ਲੋਕ ਗੀਤਾਂ ਦੇ ਨਾਲ ਵਰਤਿਆ ਜਾਂਦਾ ਰਿਹਾ। ਹੁਣ ਵੀ ਕਿਤੇ ਹੀ ਇਸ ਦੀ ਝਲਕ ਗੀਤਾਂ ਵਿੱਚ ਵੇਖਣ ਨੂੰ ਮਿਲ ਜਾਂਦੀ ਹੈ। ਬਿਨਾਂ ਪੱਤੀਆਂ ਵਾਲਾ ਚਿਮਟਾ ਪੰਜਾਬੀ ਸੰਗੀਤ ਦੀ ਸ਼ਾਨ ਰਿਹਾ, ਜੋ ਆਧੁਨਿਕ ਮਿਊਜ਼ਿਕ ਜਗਤ ਵਿਚੋਂ ਪੂਰੀ ਤਰ੍ਹਾਂ ਲਾਂਬੇ ਕਰ ਦਿੱਤਾ ਗਿਆ ਹੈ। ਇਹ ਸਾਰੇ ਸਾਜ਼ ਅਖਾੜਿਆਂ ਦੀ ਸ਼ਾਨ ਹੁੰਦੇ ਸਨ। ਘੜਾ ਤਾਂ ਆਧੁਨਿਕ ਦੌਰ ਵਿੱਚ ਇਸ ਤਰ੍ਹਾਂ ਗਾਇਬ ਹੋਇਆ ਕਿ ਘੜਾ ਵਜਾਉਣ ਵਾਲੇ ਕਲਾਕਾਰ ਬੇਰੁਜ਼ਗਾਰ ਹੋ ਗਏ ਹਨ।
ਸੰਗੀਤ ਨਾਲ ਜੁੜੇ ਲੋਕਾਂ ਨੇ ਹੰਢਾਇਆ ਬਦਲਾਅ: ਅਲਗੋਜ਼ਾਂ ਵਜਾਉਣ ਵਾਲੇ ਕਲਾਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਪੁਰਾਤਨ ਸਮੇਂ ਤੋਂ ਹੁਣ ਤੱਕ ਸੰਗੀਤ ਨੇ ਕਈ ਸਫ਼ਰ ਤੈਅ ਕੀਤੇ ਹਨ। ਆਧੁਨਿਕ ਸਮੇਂ 'ਚ ਸਾਜ਼ ਨੂੰ ਉਨੀ ਮਹੱਤਤਾ ਨਹੀਂ ਦਿੱਤੀ ਜਾਂਦੀ, ਜਿੰਨ੍ਹੀ ਪਹਿਲਾਂ ਮਿਲਦੀ ਸੀ। ਹੁਣ ਸੰਗੀਤ ਦੀ ਰਚਨਾ ਤਿਆਰ ਕਰਨੀ ਕਾਫ਼ੀ ਅਸਾਨ ਹੋ ਗਈ ਹੈ। ਜਿੰਨੀਆਂ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਹਨ, ਉਨ੍ਹਾਂ ਅਸੀਂ ਜੜ੍ਹਾਂ ਨਾਲੋਂ ਟੁੱਟਦੇ ਜਾਂਦੇ ਹਾਂ। ਉਹ ਸੰਗੀਤ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ, ਕਿਉਂਕਿ ਸੰਗੀਤ ਦਾ ਖ਼ਜ਼ਾਨਾ ਬਹੁਤ ਵਿਸ਼ਾਲ ਹੈ।
ਢੋਲ ਵਜਾਉਣ ਵਾਲੇ ਕਲਾਕਾਰ ਕਰਤਾਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਸਮੇਂ ਦੇ ਨਾਲ-ਨਾਲ ਸੰਗੀਤ ਨੂੰ ਬਦਲਦਾ ਵੇਖਿਆ ਹੈ। ਕਈ ਸਾਜ਼ ਹੌਲੀ ਹੌਲੀ ਸੰਗੀਤ ਦੀ ਪਿਟਾਰੀ ਵਿਚੋਂ ਬਿਲਕੁਲ ਅਲੋਪ ਹੋ ਗਏ ਹਨ ਅਤੇ ਕਈਆਂ ਦੀ ਵਰਤੋਂ ਬਹੁਤ ਘੱਟ ਗਈ ਹੈ। ਜੇਕਰ ਇੰਝ ਰਿਹਾ ਤਾਂ ਇਕ ਦਿਨ ਸਾਰੇ ਹੀ ਸਾਜ਼ ਅਲੋਪ ਹੋ ਜਾਣਗੇ।
ਘੜਾ ਵਜਾਉਣ ਵਾਲੇ ਸੁਰਿੰਦਰ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਰੁਜ਼ਗਾਰ ਤਾਂ ਪੂਰੀ ਤਰ੍ਹਾਂ ਠੱਪ ਹੋ ਗਿਆ। ਹੁਣ ਕਿਸੇ ਵੀ ਅਖਾੜੇ 'ਚ ਘੜੇ ਦੀ ਵਰਤੋਂ ਨਹੀਂ ਹੁੰਦੀ। ਉਹ ਤਾਂ ਕੁਝ ਸੱਭਿਆਚਾਰਕ ਗਤੀਵਿਧੀਆਂ ਤੱਕ ਹੀ ਸੀਮਤ ਰਹਿੰਦੇ ਹਨ।
ਤੂੰਬੀ ਅਤੇ ਤੂੰਬਾ ਵਜਾਉਣ ਵਾਲੇ ਅਰਸ਼ਬੀਰ ਸਿੰਘ ਨੇ ਕਿਹਾ ਕਿ ਤੂੰਬਾ ਪੂਰੀ ਤਰ੍ਹਾਂ ਪੰਜਾਬੀ ਸੰਗੀਤ ਵਿਚੋਂ ਮਨਫ਼ੀ ਕਰ ਦਿੱਤਾ ਗਿਆ ਹੈ। ਬੱਸ ਨੁਮਾਇਸ਼ ਤੱਕ ਹੀ ਸੀਮਤ ਹੈ। ਤੂੰਬਾ ਤੰਤੀ ਸਾਜ਼ਾਂ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਲੋਕ ਗੀਤ ਵਿੱਚ ਦੋ ਤਾਰਾ ਅਤੇ ਕਿੰਗ ਵੀ ਗਾਇਬ ਹੋ ਗਏ ਹਨ।
ਪੁਰਾਤਨ ਸਮੇਂ ਨਾਲੋਂ ਆਧੁਨਿਕ ਸਮੇਂ 'ਚ ਬਦਲਿਆਂ ਸੰਗੀਤ: ਬਦਲਾਅ ਕੁਦਰਤ ਦਾ ਨਿਯਮ ਹੈ। ਕੁਝ ਬਦਲਾਅ ਜ਼ਿੰਦਗੀ 'ਚ ਚੰਗਾ ਲੈ ਕੇ ਆਉਂਦੇ ਹਨ ਅਤੇ ਕੁਝ ਸਾਨੂੰ ਸਾਡੀਆਂ ਜੜ੍ਹਾਂ ਅਤੇ ਵਿਰਸੇ ਨਾਲੋਂ ਤੋੜ ਵੀ ਦਿੰਦੇ ਹਨ। ਸੰਗੀਤ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਪੁਰਾਤਨ ਸਮੇਂ ਵਿਚ ਸਾਜ਼ਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ, ਪਰ ਅੱਜ ਦੇ ਸਮੇਂ ਵਿਚ ਇਹ ਅਹਿਮੀਅਤ ਘੱਟ ਗਈ ਹੈ। ਸਮੇਂ ਦੇ ਨਾਲ ਨਾਲ ਤਕਨੀਕਾਂ ਦਾ ਇਜਾਦ ਹੋਇਆ ਅਤੇ ਜ਼ਿੰਦਗੀ ਸੌਖੀ ਹੁੰਦੀ ਗਈ। ਸੰਗੀਤ ਨਾਲ ਵੀ ਇਹੀ ਵਰਤਾਰਾ ਵਾਪਰਿਆ ਹੈ। ਹੁਣ ਸਾਜ਼ਾਂ ਚੋਂ ਹੱਥਾਂ ਨਾਲ ਨਹੀਂ, ਸਗੋਂ ਬਟਨ ਦੱਬਣ ਨਾਲ ਸੰਗੀਤ ਦੀਆਂ ਧੁਨਾ ਨਿਕਲਦੀਆਂ ਹਨ। ਅੱਜਕੱਲ ਡਰਾਇੰਗ ਰੂਮ 'ਚ ਬੈਠ ਕੇ ਲੈਪਟਾਪ 'ਤੇ ਪੂਰੀ ਸੰਗੀਤਕ ਕੰਪੋਜ਼ੀਸ਼ਨ ਤਿਆਰ ਕੀਤੀ ਜਾ ਸਕਦੀ ਹੈ, ਜਦਕਿ ਪਹਿਲਾਂ ਸਾਜ਼ਾਂ ਦੀ ਤਾਲ ਨਾਲ ਸੰਗੀਤ ਦੀ ਕੰਪੋਜ਼ੀਸ਼ਨ ਤਿਆਰ ਹੁੰਦੀ ਸੀ।