ਚੰਡੀਗੜ੍ਹ: 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਪਾਣੀ, ਧਰਤੀ ਅਤੇ ਹਵਾ ਦੀ ਮਨੁੱਖੀ ਜ਼ਿੰਦਗੀ ਵਿਚ ਖਾਸ ਮਹੱਤਤਾ ਹੈ। ਆਧੁਨਿਕ ਦੌਰ ਵਿਚ ਹਵਾ, ਪਾਣੀ ਦੇ ਪ੍ਰਦੂਸ਼ਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ 'ਚ ਪੈਦਾ ਹੋ ਰਹੀਆਂ ਸਮੱਸਿਆਵਾਂ ਹਨ। ਪੰਜਾਬ ਵਿਚ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ। ਪਰਾਲੀ ਦਾ ਧੂੰਆਂ ਅਤੇ ਫ਼ਸਲਾਂ ਵਿਚ ਕੈਮੀਕਲ ਦੀ ਵਰਤੋਂ ਜਾਨ ਦਾ ਖੌਅ ਬਣ ਰਹੇ ਹਨ। ਖੇਤੀ ਘਾਟੇ ਦਾ ਸੌਦਾ ਹੁੰਦਾ ਸਾਬਿਤ ਹੋ ਰਹੀ ਹੈ ਅਤੇ ਧਰਤੀ ਮਾਂ ਨਾਲੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ। ਵਿਸ਼ਵ ਧਰਤੀ ਦਿਹਾੜੇ ਮੌਕੇ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਜ਼ਰੂਰਤ ਹੈ।
ਖੇਤੀ ਦੇ ਲਾਭ: 'ਪੈਰਾਡੋਕਸੀਕਲ ਖੇਤੀ' ਤਕਨੀਕ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਜਿਸ ਦਾ ਫਾਇਦਾ ਇਹ ਹੈ ਕਿ ਕਣਕ ਅਤੇ ਝੋਨੇ ਦੀ ਖੇਤੀ ਕਰਕੇ ਜ਼ਮੀਨ ਦੀ ਜੋ ਸਖ਼ਤ ਤਹਿ ਹੈ ਉਸਨੂੰ ਨਰਮ ਬਣਾਇਆ ਜਾ ਸਕਦਾ ਹੈ। ਇਸ ਤਕਨੀਕ ਵਿਚ ਯੂਰੀਆ ਸਪਰੇਅ, ਕੀਟਨਾਸ਼ਕ, ਕੈਮੀਕਲ ਅਤੇ ਪੈਸਟੀਸਾਈਟਸ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਨਾਲ ਹਵਾ ਅਤੇ ਪਾਣੀ ਪ੍ਰਦੂਸ਼ਣ ਰਹਿਤ ਬਣੇਗੀ। ਜੋ ਕਿ ਦੂਜੀਆਂ ਤਕਨੀਕਾਂ ਨਾਲੋ ਸਸਤੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦੀ 10 ਗੁਣਾ ਬੱਚਤ ਹੁੰਦੀ ਹੈ। ਮੀਂਹ ਦਾ ਪਾਣੀ ਧਰਤੀ ਦੀ ਹੇਠਲੇ ਤਹਿ ਤੱਕ ਆਸਾਨੀ ਨਾਲ ਪਹੁੰਚੇਗਾ ਅਤੇ ਸਟੋਰ ਹੋ ਸਕੇਗਾ। ਫ਼ਸਲਾਂ ਨੂੰ ਕੀੜਿਆਂ, ਸੁੰਢੀ ਜਾਂ ਹੋਰ ਖ਼ਤਰਨਾਕ ਕੀੜਿਆਂ ਦਾ ਡਰ ਨਹੀਂ ਰਹਿੰਦਾ।
ਇਸ ਤਕਨੀਕ ਨਾਲ ਖੇਤੀ ਕਰਨ 'ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। 'ਪੈਰਾਡੋਕਸੀਕਲ ਤਕਨੀਕ' 'ਤੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਸਮਾਜਿਕ ਵਾਤਾਵਰਣ ਅਤੇ ਖੇਤੀਬਾੜੀ ਮਾਹਿਰ ਡਾ. ਵਿਨੋਦ ਚੌਧਰੀ ਇਸ ਤਕਨੀਕ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਮਿੱਟੀ ਦੀ ਸ਼ੁੱਧਤਾ, ਹਵਾ 'ਚ ਤਾਜ਼ਗੀ ਅਤੇ ਪਾਣੀ ਸਫ਼ਾਈ ਦੀ ਜਾਗਰੂਕਤਾ ਲਈ ਹੀ ਵਿਸ਼ਵ ਧਰਤੀ ਦਿਹਾੜਾ ਮਨਾਇਆ ਜਾਂਦਾ ਹੈ ਇਸ ਲਈ ਇਹ ਤਕਨੀਕ ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਵਿਚ ਲਾਹੇਵੰਦ ਹੋ ਸਕਦੀ ਹੈ।
ਕਈ ਦੁੱਖਾਂ ਦੀ ਇਕ ਦਵਾ 'ਪੈਰਾਡੋਕਸੀਕਲ ਖੇਤੀ': ਪੈਰਾਡੋਕਸੀਕਲ ਖੇਤੀ' ਤਕਨੀਕ ਦੁਨੀਆਂ ਦੇ ਕਈ ਦੇਸ਼ਾਂ ਵਿਚ ਵਰਤੀ ਜਾਂਦੀ ਹੈ। ਅਮਰੀਕਾ ਤੋਂ ਲੈ ਕੇ ਚੀਨ ਵਰਗੇ ਦੇਸ਼ਾਂ ਵਿਚ ਇਸ ਖੇਤੀ ਤਕਨੀਕ ਦੀ ਵਰਤੋਂ ਹੁੰਦੀ ਹੈ। ਇਹ ਖੇਤੀ ਤਕਨੀਕ 4 ਪੜਾਵਾਂ ਵਿਚ ਹੁੰਦੀ ਹੈ ਸਭ ਤੋਂ ਪਹਿਲਾਂ ਹਲ ਦੀ ਮਦਦ ਨਾਲ ਜ਼ਮੀਨ ਨੂੰ ਟੁਕੜਿਆਂ ਵਿਚ ਕੱਟਿਆ ਜਾਂਦਾ ਹੈ। ਪੰਜਾਬ ਦੇ ਹਰ ਤੀਜੇ ਪਿੰਡ ਵਿਚ ਅਸਾਨ ਨਾਲ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਜ਼ਮੀਨ ਨਰਮ ਅਤੇ ਹੋਰ ਵੀ ਜ਼ਿਆਦਾ ਉਪਜਾਊ ਬਣੇਗੀ। ਅਜਿਹੀ ਜ਼ਮੀਨ ਵਿਚ ਕਣਕ ਝੋਨੇ ਤੋਂ ਲੈ ਕੇ ਕਿਸੇ ਵੀ ਫ਼ਸਲ ਅਤੇ ਫ਼ਲ ਦੀ ਖੇਤੀ ਅਰਾਮ ਨਾਲ ਕੀਤੀ ਜਾ ਸਕਦੀ ਹੈ। 1 ਲੱਖ ਤੋਂ ਜ਼ਿਆਦਾ ਕਿਸਾਨ ਅਜਿਹੇ ਹਨ ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਜਿਸ ਲਈ ਮਸ਼ੀਨਾ ਵੀ ਉਪਲਬਧ ਹਨ ਅਤੇ ਕਿਰਾਏ 'ਤੇ ਵੀ ਲਈਆਂ ਜਾ ਸਕਦੀਆਂ ਹਨ।
ਪਰਾਲੀ ਨੂੰ ਸਾੜਨ ਦੀ ਲੋੜ ਨਹੀਂ: ਝੋਨੇ ਵਿਚੋਂ ਬਚੀ ਪਰਾਲੀ ਨੂੰ ਸਾੜਨ ਤੋਂ ਇਲਾਵਾ ਕਿਸਾਨਾਂ ਕੋਲ ਕੋਈ ਹੋਰ ਠੋਸ ਹੱਲ ਨਹੀਂ। ਪਰਾਲੀ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਅਤੇ ਸਾਰਾ ਇਲਜ਼ਾਮ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ ਕਿ ਪਰਾਲੀ ਸਾੜਕੇ ਕਿਸਾਨ ਪ੍ਰਦੂਸ਼ਣ ਫੈਲਾਉਂਦੇ ਹਨ। ਪਰ ਪੈਰੀਡੋਕਸੀਕਲ ਖੇਤੀ ਅਜਿਹੀ ਤਕਨੀਕ ਹੈ ਜਿਸ ਨਾਲ ਪਰਾਲੀ ਨੂੰ ਸਾੜਣ ਤੋਂ ਬਿਨ੍ਹਾਂ ਹੀ ਟਿਕਾਣੇ ਲਗਾਇਆ ਜਾ ਸਕਦਾ ਹੈ। ਪਰਾਲੀ ਸਾੜਣ ਦਾ ਇਕ ਨੁਕਸਾਨ ਇਹ ਵੀ ਹੈ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਅਤੇ ਕਾਰਬਨ ਖ਼ਤਮ ਹੋ ਜਾਂਦੀ ਹੈ ਜੋ ਕਿ ਖੇਤਾਂ ਵਿਚ ਹੋਣੀ ਬਹੁਤ ਜ਼ਰੂਰੀ ਹੈ। ਪੈਰਾਡੋਕਸੀਕਲ ਤਕਨੀਕ ਵਿਚ 3 ਹਿੱਸਿਆ ਵਿਚ ਕੱਟੀ ਜ਼ਮੀਨ ਦੀ ਪਰਤ ਪਰਾਲੀ ਨਾਲ ਢੱਕੇ ਜਾਣ ਦੇ ਕੰਮ ਆਉਂਦੀ ਹੈ। ਫ਼ਸਲ ਬੀਜ਼ ਕੇ ਪਰਾਲੀ ਨਾਲ ਢੱਕਣਾ ਇਸ ਪ੍ਰਕਿਰਿਆ ਦੀ ਖਾਸ ਵਿਧੀ ਹੈ। ਜਿਸ ਨਾਲ ਸੂਰਜੀ ਊਰਜਾ ਮਿਲਦੀ ਹੈ ਅਤੇ ਫ਼ਸਲਾਂ ਦੇ ਮਿੱਤਰ ਕੀੜੇ ਪੈਦਾ ਹੁੰਦੇ ਹਨ। ਇਸ ਨਾਲ ਸਾਰੀ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਜਾਂਦਾ ਹੈ।
ਤਿੰਨ ਚਾਰ ਸਾਲ ਇਸ ਵਿਧੀ ਨਾਲ ਖੇਤੀ ਕਰਨਾ: ਪੰਜਾਬ ਯੂਨੀਵਰਸਿਟੀ ਦੇ ਪ੍ਰਫੈਸਰ ਡਾ. ਵਿਨੋਦ ਚੌਧਰੀ ਨੇ ਕਿਹਾ ਕਿ ਧਰਤੀ ਦਿਹਾੜੇ ਮੌਕੇ ਧਰਤੀ ਅਤੇ ਵਾਤਾਵਰਣ ਨੂੰ ਬਚਾੳਣ ਦਾ ਪੈਰਾਡੋਕਸੀਕਲ ਖੇਤੀ ਸਭ ਤੋਂ ਫਾਇਦੇਮੰਦ ਤਰੀਕਾ ਹੈ। ਇਸਦਾ ਫਾਇਦਾ ਇੰਨਾ ਹੈ ਕਿ ਜੇਕਰ 3- 4 ਸਾਲ ਇਸ ਖੇਤੀ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਪਾਣੀ ਦੀ ਇਕ ਬੂੰਦ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਧਰਤੀ ਹੇਠ ਪਾਣੀ ਇਕੱਠਾ ਹੋ ਕੇ ਰੀਸਾਈਕਲ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਫ਼ਸਲਾਂ ਨੂੰ ਮਿਲਦਾ ਰਹਿੰਦਾ ਹੈ। ਖੇਤ ਦੇ ਆਲੇ ਦੁਆਲੇ ਜੇਕਰ ਬਾਂਸ ਦੇ ਰੁੱਖ ਲਗਾਏ ਜਾਣ ਤਾਂ ਜਲਵਾਯੂ ਪਰਿਵਰਤਨ ਅਤੇ ਕੁਦਰਤੀ ਆਫ਼ਤਾਂ ਫ਼ਸਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ। ਉਹ ਖੁਦ ਆਪਣੇ ਖੇਤਾਂ ਵਿਚ ਇਸ ਤਕਨੀਕ ਦਾ ਇਸਤੇਮਾਲ ਕਰਦੇ ਹਨ।
ਕੈਂਸਰ ਦੀ ਬਿਮਾਰੀ ਦਾ ਇਲਾਜ ਵੀ ਕਰਦੀ ਹੈ ਇਹ ਤਕਨੀਕ : ਪ੍ਰੋਫੈਸਰ ਵਿਨੋਦ ਚੌਧਰੀ ਇਸ ਤਕਨੀਕ ਦੀ ਵਰਤੋਂ 'ਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਉਹਨਾਂ ਇਕ ਵੱਡਾ ਦਾਅਵਾ ਇਹ ਵੀ ਕੀਤਾ ਹੈ ਕਿ ਕੈਂਸਰ ਦੀ ਬਿਮਾਰੀ ਲਈ ਇਹ ਤਕਨੀਕ ਰਾਮਬਾਣ ਇਲਾਜ ਹੈ। ਜਿਸਦੇ ਪਿੱਛੇ ਸਭ ਤੋਂ ਵੱਡਾ ਤਰਕ ਇਹ ਹੈ ਕਿ ਜਦੋਂ ਖੇਤਾਂ ਵਿਚ ਕੈਮੀਕਲ, ਪੈਸਟੀਸਾਈਟਜ਼ ਦੀ ਵਰਤੋਂ ਹੀ ਨਹੀਂ ਹੋਵੇਗੀ ਤਾਂ ਸਰੀਰ ਵਿਚ ਬਿਮਾਰੀ ਆਵੇਗੀ ਕਿਥੋਂ? ਸਰੀਰ ਨੂੰ ਸਿਹਤ ਵਰਧਕ ਅਤੇ ਕੁਦਰਤੀ ਖੁਰਾਕ ਮਿਲੇਗੀ ਤਾਂ ਬਿਮਾਰੀਆਂ ਹਮੇਸ਼ਾ ਦੂਰ ਹੀ ਰਹਿਣਗੀਆਂ। ਆਪਣੇ ਖੇਤਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਅਤੇ ਫ਼ਲ ਉਗਾਏ ਜਾਣ ਤਾਂ ਪੋਸ਼ਕ ਤੱਤਾਂ ਦੀ ਭਰਮਾਰ ਹੋ ਜਾਂਦੀ ਹੈ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸੈਲ ਪੈਦਾ ਹੀ ਨਹੀਂ ਹੁੰਦੇ।
ਇਹ ਵੀ ਪੜ੍ਹੋ :- PAK: ਪਾਕਿ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਦਾਅਵਾ - ਸਾਡੀ ਪਾਰਟੀ ਦੇ ਇੰਸਟਾਗ੍ਰਾਮ ਮੁਖੀ ਨੂੰ ਕੀਤਾ ਗਿਆ ਅਗਵਾ