ਚੰਡੀਗੜ: 'ਸਾਡਾ ਨਾਅਰਾ, ਕੈਪਟਨ ਦੁਬਾਰਾ' ਦੇ ਨਾਅਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਓਦੋਂ ਤੱਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤੱਕ ਉਹ ਨੌਜਵਾਨਾਂ ਲਈ ਰੋਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿੱਚ ਸਾਰਿਆਂ ਦੀ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।
ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਯੂਥ ਕਾਂਗਰਸੀ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਸੂਬੇ ਦੀ ਇਸ ਤਰੱਕੀ ਤੇ ਵਿਕਾਸ ਲਈ ਇਸ ਨੂੰ ਆਪਣੀ ਅਗਵਾਈ ਦੇਣੀ ਜਾਰੀ ਰੱਖਣਗੇ। ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਨਾਅਰਿਆਂ ਦੀ ਗੂੰਜ ਵਿੱਚ ਮੁੱਖ ਮੰਤਰੀ ਨੇ ਕਿਹਾ,''ਇਹ ਮੇਰਾ ਸੂਬਾ ਹੈ ਅਤੇ ਤੁਸੀਂ ਸਾਰੇ ਮੇਰੇ ਆਪਣੇ ਲੋਕ ਹੋ। ਮੈਂ ਤੁਹਾਡੀ ਖਾਤਰ ਸਦਾ ਇੱਥੇ ਹੀ ਰਹਾਂਗਾ ਅਤੇ ਤਦ ਤੱਕ ਕਿਤੇ ਨਹੀਂ ਜਾਵਾਂਗਾ, ਜਦੋਂ ਤੱਕ ਪੰਜਾਬ ਦੇ ਹਰੇਕ ਨਾਗਰਿਕ ਦੀ ਭਲਾਈ ਨੂੰ ਯਕੀਨੀ ਨਹੀਂ ਬਣਾ ਲੈਂਦਾ।''
ਸੂਬੇ ਦੇ ਵਿਕਾਸ ਲਈ ਸਰਕਾਰ ਦਵੇਗੀ ਪੂਰਾ ਸਮਰਥਨ
ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਮਰਥਨ ਦੇਵੇਗੀ। ਉਨ੍ਹਾਂ ਨੇ ਨੌਜਵਾਨ ਆਗੂਆਂ ਨਾਲ ਵਾਅਦਾ ਕੀਤਾ ਕਿ ਸੂਬੇ ਅਤੇ ਇੱਥੋਂ ਦੇ ਨੌਜਵਾਨਾਂ ਦੇ ਹਿੱਤ ਵਿੱਚ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਸਾਰੇ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਹੋਰਾਂ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਮੁਲਕ ਦੀ ਰਾਖੀ ਅਤੇ ਜਮਹੂਰੀਅਤ ਤੇ ਧਰਮ ਨਿਰਪੇਖ ਸੰਵਿਧਨਾਕ ਕਦਰਾਂ-ਕੀਮਤਾਂ ਦੀ ਸੁਰੱਖਿਆ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਦੇਸ਼ ਵਿੱਚ ਚੱਲ ਰਿਹਾ ਗੁੰਡਾ ਰਾਜ
ਭਾਜਪਾ ਵੱਲੋਂ ਮੁਲਕ ਨੂੰ ਵੰਡਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਅਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ, ''ਮੁਲਕ ਦਾ ਮੌਜੂਦਾ ਦੌਰ ਲੋਕ ਰਾਜ ਵਾਲਾ ਨਹੀਂ ਸਗੋਂ ਗੁੰਡਾ ਰਾਜ ਵਾਲਾ ਹੈ। ਸਾਨੂੰ ਸਭ ਨੂੰ ਇਹ ਪਤਾ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਉਤਰ ਪ੍ਰਦੇਸ਼ ਵਿੱਚ ਕੀ ਵਾਪਰਿਆ।'' ਉਨ੍ਹਾਂ ਨੇ ਮੁਲਕ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਅਗਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਸਭ ਨੂੰ ਮਿਲੇਗਾ ਘਰ-ਘਰ ਰੋਜਗਾਰ
ਪੰਜਾਬ ਲਈ ਆਪਣੀ ਸਰਕਾਰ ਦੇ ਵਿਕਾਸ ਏਜੰਡੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੰਕਲਪ ਸੂਬੇ ਦੀ ਅਰਥ ਵਿਵਸਥਾ ਨੂੰ ਪੈਰਾ ਸਿਰ ਖੜ੍ਹਾਂ ਕਰਨਾ ਹੈ ਅਤੇ ਇਸ ਲਈ ਢੰਗ-ਤਰੀਕੇ ਲੱਭਣ ਲਈ ਨਿਰੰਤਰ ਸੋਚ-ਵਿਚਾਰ ਕਰ ਰਹੇ ਹਨ। ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਘਰ-ਘਰ ਰੋਜ਼ਗਾਰ' ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਪ੍ਰਾਈਵੇਟ ਸੈਕਟਰ ਵੱਡੇ ਪੱਧਰ 'ਤੇ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਹਾਸਲ ਹੋਇਆ ਹੈ ਅਤੇ ਇਕ ਲੜਕੀ ਨੂੰ ਤਾਂ 42 ਲੱਖ ਰੁਪਏ ਦਾ ਸਾਲਾਨਾ ਪੈਕੇਜ ਵੀ ਮਿਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਉਦਯੋਗ ਨੂੰ ਸੂਬੇ ਵਿੱਚ ਲਿਆਉਣ ਲਈ ਆਪਣੇ ਪੱਧਰ 'ਤੇ ਪੂਰੇ ਯਤਨ ਕਰ ਰਹੀ ਹੈ ਤਾਂ ਕਿ ਰੋਜ਼ਗਾਰ ਦੇ ਹੋਰ ਮੌਕੇ ਸਿਰਜੇ ਜਾ ਸਕਣ।
ਅਕਾਲੀਆਂ ਨੇ ਬਿਠਾਇਆ ਸੂਬੇ ਦਾ ਭੱਠਾ
ਅਕਾਲੀਆਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਖਾਤਰ ਸੂਬੇ ਦਾ ਭੱਠਾ ਬਿਠਾ ਦੇਣ ਦੇ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਪੈਰ ਪਸਾਰਨ ਅਤੇ ਗੈਂਗਸਟਰਾਂ ਦੇ ਵਧਣ-ਫੁੱਲਣ ਲਈ ਸਿੱਧੇ ਤੌਰ 'ਤੇ ਅਕਾਲੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸੂਬੇ ਦੀ 'ਦੂਜੀ ਵੰਡ' ਲਈ ਅਕਾਲੀਆਂ ਨੂੰ ਆੜੇ ਹੱਥੀਂ ਲਿਆ ਕਿਉਂ ਜੋ ਇਨ੍ਹਾਂ ਦੀਆਂ ਨੀਤੀਆਂ ਸਦਕਾ ਇੰਡਸਟਰੀ ਹਰਿਆਣਾ, ਐਨ.ਸੀ.ਆਰ. ਵੱਲ ਹਿਜਰਤ ਕਰ ਗਈ ਅਤੇ ਸੈਰ-ਸਪਾਟਾ ਹਿਮਾਚਲ ਪ੍ਰਦੇਸ਼ ਵੱਲ ਚਲਾ ਗਿਆ ਜਿਸ ਨਾਲ ਪੰਜਾਬ ਥੋੜੇ ਜਿਹੇ ਵਸੀਲਿਆਂ ਨਾਲ ਜੂਝ ਰਿਹਾ ਹੈ।