ਚੰਡੀਗੜ੍ਹ: ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਸਿੱਖਾਂ ਦੇ ਸਭ ਤੋਂ ਅਹਿਮ ਤੀਰਥ ਅਤੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ। ਸਿੱਖ ਇਤਿਹਾਸ ਵਿਚ ਨਨਕਾਣਾ ਸਾਹਿਬ ਨਾਲ ਵੱਡਾ ਤੇ ਅਹਿਮ ਸਾਕਾ ਜੁੜਿਆ ਹੋਇਆ ਹੈ। ਇਸਨੇ ਕਈ ਸਿੰਘਾਂ ਦੀਆਂ ਸ਼ਹੀਦੀਆਂ ਦੀ ਗਾਥਾਂ ਲਿਖੀ ਹੋਈ। ਅੱਜ ਦੇ ਵਿਸ਼ੇਸ਼ ਦਿਨ ਯਾਨੀ ਕਿ 21 ਫਰਵਰੀ ਨੂੰ ਸ਼ਹੀਦਾਂ ਨੂੰ ਯਾਦ ਕਰਦਿਆਂ ਈਟੀਵੀ ਭਾਰਤ ਦੀ ਟੀਮ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਸਾਕੇ ਸਬੰਧੀ ਖਾਸ ਰਿਪੋਰਟ ਵੀ ਤਿਆਰ ਕੀਤੀ ਗਈ। ਸਾਕਾ ਨਨਕਾਣਾ ਸਾਹਿਬ ਦੀ ਦਾਸਤਾਨ ਕੀ ਹੈ ਅਤੇ ਕਿਉਂ ਇੰਨੇ ਸਾਲਾਂ ਬਾਅਦ ਵੀ ਇਹ ਯਾਦ ਕੀਤੀ ਜਾਂਦੀ ਹੈ। ਪੜ੍ਹੋ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ...
ਕੀ ਹੈ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ: ਸਾਕੇ ਬਾਰੇ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਸਾਕਾ ਨਨਕਾਣਾ ਅੰਗਰੇਜ਼ਾਂ ਵੱਲੋਂ ਸਿਰਜਿਆ ਗਿਆ ਬਿਰਤਾਂਤ ਸੀ। ਉਹਨਾਂ ਲਈ ਸਿੱਖ ਧਰਮ ਇਕ ਨਵਾਂ ਧਰਮ ਸੀ। ਗੁਰੂੁ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਤੇ ਫਿਰ ਸਿੱਖ ਮਿਸਲਾਂ ਨੇ ਜਮਹੂਰੀਅਤ ਦੀ ਹੀ ਗੱਲ ਕੀਤੀ। ਅੰਗਰੇਜ਼ ਆਪਣੇ ਤਰੀਕੇ ਨਾਲ ਸਾਮਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਜਦੋਂ ਪੰਜਾਬ ਉੱਤੇ ਅੰਗਰੇਜ਼ੀ ਹਕੂਮਤ ਦਾ ਪਰਛਾਵਾਂ ਆਇਆ ਤਾਂ ਜਮਹੂਰੀਅਤ ਦੀਆਂ ਗੱਲਾਂ ਕਰਨ ਵਾਲਿਆਂ ਨਾਲ ਅੰਗਰੇਜ਼ ਖਾਰ ਖਾਣ ਲੱਗੇ। ਗੁਰਦੁਆਰਿਆਂ ਵਿਚ ਜਮਹੂਰੀਅਤ ਦੀ ਗੱਲ ਹੁੰਦੀ ਸੀ ਤਾਂ ਹੀ ਅੰਗਰੇਜ਼ ਗੁਰਦੁਆਰਿਆਂ ਲਈ ਸਾਜਿਸ਼ਾਂ ਘੜਣ ਲੱਗੇ। ਇਸੇ ਲਈ ਅੰਗਰੇਜ਼ਾਂ ਨੇ ਗੁਰਦੁਆਰਿਆਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿਚ ਮਹੰਤਾਂ ਨੂੰ ਵਰਤਿਆ ਗਿਆ ਸੀ।
ਮਹੰਤਾਂ ਨੇ ਕੀਤਾ ਨਨਕਾਣਾ ਸਾਹਿਬ ’ਤੇ ਕਬਜ਼ਾ: ਮਹੰਤਾਂ ਨੇ ਗੁਰਦੁਆਰਿਆਂ ਉੱਤੇ ਕਬਜ਼ਾ ਕਰਕੇ ਆਪਣੇ ਤਰੀਕੇ ਨਾਲ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਵਰਤੋਂ ਕੀਤੀ। ਕਿਉਂਕਿ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਕੋਈ ਵੱਡੀ ਕਮੇਟੀ ਨਹੀਂ ਸੀ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਸੀ। ਇਸ ਲਈ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਮਹੰਤਾਂ ਵੱਲੋਂ ਕੀਤਾ ਜਾਂਦਾ ਸੀ। ਅੰਗਰੇਜ਼ਾਂ ਨੇ ਅਸਿੱਧੇ ਤਰੀਕੇ ਨਾਲ ਮਹੰਤਾਂ ਤੋਂ ਗੁਰੂਦੁਆਰਾ ਸਾਹਿਬ ਦੀ ਬੇਅਦਬੀ ਕਰਵਾਈ ਕਿਉਂਕਿ ਕੁਈਨ ਵਿਕਟੋਰੀਆ ਨੇ ਮਤਾ ਪਾਸ ਕੀਤਾ ਸੀ ਕਿ ਧਾਰਮਿਕ ਸਥਾਨਾਂ ਵਿਚ ਉਹਨਾਂ ਵੱਲੋਂ ਕੋਈ ਦਖ਼ਲ ਨਹੀਂ ਦਿੱਤਾ ਜਾਵੇਗਾ। ਪਰ ਹੋਇਆ ਇਸਦੇ ਉਲਟ।
200 ਤੋਂ ਜ਼ਿਆਦਾ ਸ਼ਹਾਦਤਾਂ ਹੋਈਆਂ: ਸਿੱਖਾਂ ਦੇ ਮੋਰਚੇ ਤੋਂ ਜਾਣੂੰ ਹੋ ਕੇ ਮਹੰਤਾਂ ਨੇ ਵੀ ਅੰਦਰ ਹਥਿਆਰ ਅਤੇ ਖਤਰਨਾਕ ਚੀਜ਼ਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਸਿੱਖਾਂ ਨੇ ਨਨਕਾਣਾ ਸਾਹਿਬ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮਹੰਤਾਂ ਨੇ ਵੀ ਧਾਵਾ ਬੋਲਿਆ ਅਤੇ 200 ਤੋਂ ਜ਼ਿਆਦਾ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਇਸ ਲਈ ਇਹ ਸਾਕਾ ਸਿੱਖ ਇਤਿਹਾਸ ਦੇ ਇਕ ਅਵੱਲੇ ਜ਼ਖਮ ਵਾਂਗ ਹੈ।