ਚੰਡੀਗੜ੍ਹ: ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਅੱਜ ਯਾਨਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਣ ਜਾ ਰਹੀਆਂ ਹਨ। ਇਸ ਦਾ ਇੰਤਜ਼ਾਰ ਦੁਨੀਆ ਭਰ 'ਚ ਵੱਸਦੀ ਸਿੱਖ ਸੰਗਤ 73 ਸਾਲਾਂ ਤੋਂ ਕਰ ਰਹੀ ਸੀ ਅਤੇ ਇਸ ਦਾ ਜ਼ਿਕਰ ਸਮੂਹ ਸਿੱਖ ਭਾਈਚਾਰਾ ਹਮੇਸ਼ਾ ਹੀ ਆਪਣੀ ਅਰਦਾਸ 'ਚ ਦਹੁਰਾਉਂਦਾ ਆਇਆ ਹੈ। ਅੱਜ ਖੁੱਲ ਰਹੇ ਕਰਤਾਰਪੁਰ ਲਾਂਘੇ ਦੀ ਤੁਲਣਾ ਜਰਮਨੀ ਦੀ ਬਰਲਿਨ ਕੰਧ ਨਾਲ ਵੀ ਕੀਤੀ ਜਾ ਰਹੀ ਹੈ।
ਬਰਲਿਨ ਕੰਧ ਦੇ ਤੋੜੇ ਜਾਣ ਦੇ ਪੂਰੇ 30 ਸਾਲ ਬਾਅਦ ਇਤਿਹਾਸ ਜਿਵੇਂ ਆਪਣੇ ਆਪ ਨੂੰ ਦੋਹਰਾ ਰਿਹਾ ਹੈ। 9 ਨਵੰਬਰ ਨੂੰ ਹੀ ਭਾਰਤ ਅਤੇ ਪਾਕਿਸਤਾਨ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਕਰਤਾਰਪੁਰ ਲਾਂਘਾ ਖੋਲ੍ਹ ਰਹੇ ਹਨ, ਜੋ ਕਿ ਦੁਨੀਆਂ ਭਰ 'ਚ ਸਾਂਝੀਵਾਲਤਾ ਦਾ ਸੰਦੇਸ਼ ਦੇਵੇਗਾ।
ਹਾਲਾਂਕਿ ਪੁਲਵਾਮਾ ਹਮਲੇ ਤੋਂ ਲੈਕੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੱਕ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਰਹੇ। ਪਰ ਇਸਦੇ ਬਾਵਜੂਦ ਲਾਂਘੇ ਦਾ ਕੰਮ ਨਹੀਂ ਰੁਕਿਆ ਅਤੇ ਆਪਣੇ ਐਲਾਨ ਮੁਤਾਬਕ ਭਾਰਤ ਤੇ ਪਾਕਿਸਤਾਨ 9 ਨਵੰਬਰ ਨੂੰ ਲਾਂਘਾ ਖੋਲ੍ਹਣ ਜਾ ਰਿਹਾ ਹੈ।
ਅਸੀਂ ਇਸ ਨੂੰ ਇਤਫ਼ਾਕ ਕਹਿਏ ਜਾਂ ਕੁੱਝ ਹੋਰ, ਪਰ 30 ਸਾਲ ਪਹਿਲਾਂ ਇਸੇ ਦਿਨ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਬਰਲਿਨ ਕੰਧ ਢਹਿ ਢੇਰੀ ਕੀਤੀ ਗਈ ਸੀ ਅਤੇ ਤੇ ਹੁਣ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਣ ਜਾ ਰਿਹਾ ਹੈ।