ਚੰਡੀਗੜ੍ਹ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੈਨੇਡਾ ਵਿੱਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਦਾ ਮੰਨਣਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਇਸ ਕਾਰਨ ਉਸਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।
ਗੋਲਡੀ ਬਰਾੜ ਦਾ ਅਸਲੀ ਨਾਮ : ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਦਾ ਜਨਮ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ 'ਚ 11 ਅਪ੍ਰੈਲ 1994 ਨੂੰ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਦੇ ਘਰ ਜਨਮ ਹੋਇਆ। ਜਿਸ ਦਾ ਅਸਲੀ ਨਾਂ ਸਤਵਿੰਦਰ ਸਿੰਘ ਹੈ। ਗੋਲਡੀ ਬਰਾੜ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਸੁਰਖੀਆਂ 'ਚ ਆਇਆ ਸੀ, ਹਾਲਾਂਕਿ ਉਹ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਨਾਮ ਦੁਨੀਆ ਭਰ ਵਿੱਚ ਨਾਮੀ ਗੈਂਗਸਟਰ ਦੇ ਤੌਰ 'ਤੇ ਜਾਣਿਆ ਜਾਣ ਲੱਗਾ ਹੈ।
ਗੋਲਡੀ ਬਰਾੜ ਖਿਲਾਫ ਜਾਰੀ ਰੈੱਡ ਕਾਰਨਰ ਨੋਟਿਸ : ਇੰਟਰਪੋਲ ਸਕੱਤਰੇਤ ਜਨਰਲ (ਆਈਪੀਐਸਜੀ), ਫਰਾਂਸ ਵੱਲੋਂ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਦੇ ਖਿਲਾਫ 12 ਦਸੰਬਰ 2022 ਨੂੰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਗੋਲਡੀ ਬਰਾੜ ਵਿਰੁੱਧ 15 ਜੂਨ, 2022 ਨੂੰ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਉਹ ਅੱਤਵਾਦ ਵਿਚ ਸ਼ਾਮਲ ਹੈ ਅਤੇ ਉਸ ਨੂੰ ਉਕਤ ਐਕਟ ਦੀ ਚੌਥੀ ਸ਼ਡਿਊਲ ਵਿਚ ਅੱਤਵਾਦੀ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ।
ਭਰਾ ਦੀ ਮੌਤ ਦਾ ਬਦਲਾ ਲੈਣ ਲਈ ਬਣਿਆ ਗੈਂਗਸਟਰ : ਦੱਸਣਯੋਗ ਹੈ ਕਿ ਗੋਲਡੀ ਬਰਾੜ ਉਸ ਵੇਲੇ ਅਪਰਾਧ ਦੀ ਦੁਨੀਆ ਵਿੱਚ ਆਇਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਗੁਰਲਾਲ ਬਰਾੜ ਦਾ ਕਤਲ ਕੀਤਾ ਗਿਆ। ਗੁਰਲਾਲ ਬਰਾੜ ਗੋਲਡੀ ਬਰਾੜ ਦੇ ਚਾਚੇ ਦਾ ਮੁੰਡਾ ਸੀ। ਗੁਰਲਾਲ ਬਰਾੜ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਖਾਸ ਸੀ। ਦੀ 11 ਅਕਤੂਬਰ 2020 ਵਿੱਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ 1 ਸਥਿਤ ਇੱਕ ਕਲੱਬ ਬਾਹਰ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਬਦਲਾ ਲੈ ਕੇ ਗੋਲਡੀ ਬਰਾੜ ਅਪਰਾਧ ਦੀ ਦੁਨੀਆ 'ਚ ਉਤਰਿਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਨਵੀਂ ਜੰਗ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਉਸ ਦਿਨ ਤੋਂ ਬਾਅਦ ਅੱਜ ਤੱਕ ਗੋਲਡੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਤੱਕ ਉਹ ਕਾਨੂੰਨ ਦੀਆਂ ਅੱਖਾਂ ਤੋਂ ਵੀ ਓਹਲੇ ਹੈ।
ਡੇਰਾ ਸਮਰਥਕ ਦੇ ਕਤਲ ਦੀ ਜ਼ਿੰਮੇਵਾਰੀ : ਗੋਲਡੀ ਬਰਾੜ ਨੇ 2022 ਵਿੱਚ ਕੋਟਕਪੂਰਾ ਵਿੱਚ ਡੇਰਾ ਸਮਰਥਕ ਪਰਦੀਪ ਸਿੰਘ ਕਟਾਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। 2015 ਦੇ ਬਰਗਾੜੀ ਬੇਅਦਬੀ ਕਾਂਡ ਦਾ ਦੋਸ਼ੀ ਕਟਾਰੀਆ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਅਤੇ ਉਸ ਸਾਲ 11 ਨਵੰਬਰ ਨੂੰ ਉਸ ਦੀ ਦੁਕਾਨ 'ਤੇ ਛੇ ਬੰਦਿਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਗੋਲਡੀ ਬਰਾੜ ਦੇ ਨਿਸ਼ਾਨੇ 'ਤੇ ਸਲਮਾਨ ਖਾਨ: ਕੁਝ ਮਹੀਨੇ ਪਹਿਲਾਂ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਕਿਹਾ ਸੀ ਕਿ ਉਸਦਾ ਗੈਂਗ ਸਲਮਾਨ ਖਾਨ ਨੂੰ ਜ਼ਰੂਰ ਮਾਰ ਦੇਵੇਗਾ। ਇੰਨਾ ਹੀ ਨਹੀਂ, ਲੋੜੀਂਦੇ ਗੈਂਗਸਟਰ ਨੇ ਕਿਹਾ, 'ਜਦੋਂ ਵੀ ਮੌਕਾ ਮਿਲੇਗਾ, ਅਸੀਂ ਉਸ ਨੂੰ ਮਾਰ ਦੇਵਾਂਗੇ।' ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਸਾਹਬ (ਲਾਰੈਂਸ ਬਿਸ਼ਨੋਈ) ਨੇ ਦੱਸਿਆ ਸੀ ਕਿ ਉਨ੍ਹਾਂ (ਸਲਮਾਨ) ਨੇ ਮੁਆਫੀ ਨਹੀਂ ਮੰਗੀ ਹੈ। ਬਾਬਾ ਉਦੋਂ ਹੀ ਦਇਆ ਕਰਦਾ ਹੈ ਜਦੋਂ ਕੋਈ ਉਸ ਮਾਫੀ ਦੇ ਯੋਗ ਹੁੰਦਾ ਹੈ। ਇਸ ਤੋਂ ਪਹਿਲਾਂ ਲੌਰੀਅਸ ਬਿਸ਼ਨੋਈ ਨੇ ਵੀ ਇਕ ਇੰਟਰਵਿਊ 'ਚ ਕਿਹਾ ਸੀ ਕਿ ਸਲਮਾਨ ਖਾਨ ਨੂੰ ਮਾਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟੀਚਾ ਹੈ।
ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦਾ ਹੈ ਗੋਲਡੀ ਬਰਾੜ: ਗੋਲਡੀ ਬਰਾੜ ਇਸ ਸਮੇਂ ਬਰੈਂਪਟਨ, ਕੈਨੇਡਾ ਵਿੱਚ ਰਹਿੰਦਾ ਹੈ। ਖਾਲਿਸਤਾਨ ਪੱਖੀ ਅੱਤਵਾਦੀ ਸਮੂਹ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ "ਮਨੋਨੀਤ ਅੱਤਵਾਦੀ" ਘੋਸ਼ਿਤ ਕੀਤਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਅੱਤਵਾਦੀ ਸੰਗਠਨ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਕੇਂਦਰੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੋਲਡੀ ਬਰਾੜ ਸ਼ਾਰਪ-ਸ਼ੂਟਰਾਂ ਦੀ ਸਪਲਾਈ ਕਰਨ ਤੋਂ ਇਲਾਵਾ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਅਤਿ ਆਧੁਨਿਕ ਹਥਿਆਰਾਂ, ਗੋਲਾ ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ਅਤੇ ਕਤਲਾਂ ਨੂੰ ਅੰਜਾਮ ਦੇਣ ਵਿੱਚ ਵੀ ਸ਼ਾਮਲ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਗੋਲਡੀ ਬਰਾੜ ਨੂੰ ਫੜ੍ਹਨ ਲਈ ਪੁਲਿਸ ਕਿ ਕਦਮ ਚੁੱਕਦੀ ਹੈ।