ਚੰਡੀਗੜ੍ਹ: ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਫਿਰ ਤੋਂ ਰਿਮਾਂਡ ਉੱਤੇ ਲਿਆ ਹੈ। ਕੋਰਟ ਨੇ ਤਿੰਨ ਦਿਨ ਦਾ ਰਿਮਾਂਡ ਮਨਜੂਰ ਕੀਤਾ ਹੈ। ਅਸਲ ਵਿੱਚ ਅਦਾਲਤ ਨੇ ਰਿਮਾਂਡ 'ਤੇ 6.39 ਕਰੋੜ ਦੇ ਖਰਚੇ ਦਾ ਹਿਸਾਬ ਵੀ ਮੰਗਿਆ ਹੈ। ਦੱਸ ਦਈਏ ਕਿ ਵਿਜੀਲੈਂਸ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਦੌਰਾਨ ਹੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਕੋਲੋ 6.39 ਕਰੋੜ ਦੇ ਖਰਚੇ ਦਾ ਹਿਸਾਬ ਵੀ ਮੰਗਿਆ ਹੈ। ਇਸ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਈ ਥਾਵਾਂ ’ਤੇ ਪਲਾਟ ਖਰੀਦੇ ਸਨ। ਇਸ ਕੇਸ ਦੀ ਡੀਐਸਪੀ ਨਵਦੀਪ ਸਿੰਘ ਵਿਜੀਲੈਂਸ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਧਰਮਸੋਤ ਤੋਂ ਬਾਅਦ ਹੁਣ ਇਹ ਵੀ ਅੰਦਾਜੇ ਲੱਗ ਰਹੇ ਹਨ ਕਿ ਕਈ ਹੋਰ ਸਾਬਕਾ ਮੰਤਰੀ ਵੀ ਸੂਬਾ ਸਰਕਾਰ ਦੀ ਰਡਾਰ ਉੱਤੇ ਹਨ ਅਤੇ ਉਨ੍ਹਾਂ ਉੱਤੇ ਵੀ ਕਾਰਵਾਈ ਹੋ ਸਕਦੀ ਹੈ।
ਨਵੇਂ ਮੰਤਰੀ ਵੀ ਸ਼ੱਕ ਦੇ ਘੇਰੇ ਵਿੱਚ: ਦਰਅਸਲ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਨਵੇਂ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਐਂਟਰੀ ਹੋਈ ਹੈ ਪਰ ਵਿਰੋਧੀ ਧਿਰਾਂ ਪੰਜਾਬ ਸਰਕਾਰ ਉੱਤੇ ਸਵਾਲ ਕਰ ਰਹੀਆਂ ਹਨ। ਬਲਬੀਰ ਸਿੰਘ ਉੱਤੇ ਕ੍ਰਿਮੀਨਲ ਕੇਸ ਚੱਲ ਰਿਹਾ ਹੈ। ਰੋਪੜ ਦੀ ਅਦਾਲਤ ਵੱਲੋਂ ਉਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ ਹਾਲਾਂਕਿ ਉਹ ਜ਼ਮਾਨਤ 'ਤੇ ਬਾਹਰ ਹਨ। ਕੈਬਨਿਟ ਵਿਚ ਡਾ. ਬਲਬੀਰ ਦੀ ਆਮਦ ਤੋਂ ਬਾਅਦ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਉਹਨਾਂ ਦਾਅਵਿਆਂ ਨੂੰ ਘੋਖਿਆ ਜਾ ਰਿਹਾ ਹੈ। ਜਿਹਨਾਂ ਵਿਚ ਕਿਹਾ ਗਿਆ ਸੀ ਕਿ ਆਪ ਇਮਾਨਦਾਰ ਪਾਰਟੀ ਹੈ ਇਸ ਵਿਚ ਦਾਗੀ ਬੰਦਿਆਂ ਦੀ ਕੋਈ ਥਾਂ ਨਹੀਂ ਹੈ। 9 ਮਹੀਨਿਆਂ ਵਿਚ ਦੋ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਤੀਜੇ 'ਤੇ ਕ੍ਰਿਮੀਨਲ ਕੇਸ ਸਰਕਾਰ ਨੂੰ ਚਹੁੰ ਪਾਸਿਓਂ ਘੇਰਾ ਪਾ ਰਿਹਾ ਹੈ।
ਵਿਰੋਧੀਆਂ ਨੇ ਕਈ ਵਾਰ ਘੇਰੀ ਸਰਕਾਰ: ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਮੰਤਰੀਆਂ ਨੂੰ ਵਿਰੋਧੀ ਵੀ ਨਹੀਂ ਬਖਸ਼ ਰਹੇ। ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 18 ਵਿਚੋਂ ਇਕ ਵੀ ਮੰਤਰੀ ਅਜਿਹਾ ਨਹੀਂ ਮਿਲਿਆ ਜਿਸਦਾ ਦਾਮਨ ਸਾਫ਼ ਹੋਵੇ। ਇਸ ਤੋਂ ਇਲਾਵਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਸਰਕਾਰ ਦੀ ਖਿੱਲੀ ਉਡਾਈ ਸੀ ਕਿ 5 ਸਾਲਾਂ 'ਚ ਆਪ ਦੀ ਸਾਰੀ ਕੈਬਨਿਟ ਡਿੱਗ ਜਾਵੇਗੀ। ਆਪ ਦੀ ਪਾਰੀ ਟੀ- 20 ਮੈਚ ਤੋਂ ਛੋਟੀ ਵੀ ਹੋਵੇਗੀ।
ਆਪ ਵਿਧਾਇਕਾਂ ਅਤੇ ਮੰਤਰੀਆਂ 'ਤੇ ਵੀ ਕਈ ਕੇਸ: ਡਾ. ਬਲਬੀਰ, ਫੌਜਾ ਸਿੰਘ ਸਰਾਰੀ ਅਤੇ ਡਾ. ਵਿਜੇ ਸਿੰਗਲਾ ਹੀ ਨਹੀਂ ਬਲਕਿ ਪੰਜਾਬ ਦੇ ਕਈ ਹੋਰ ਮੰਤਰੀ ਅਤੇ ਵਿਧਾਇਕ ਅਜਿਹੇ ਹਨ ਜੋ ਕਿਸੇ ਨਾਲ ਕਿਸੇ ਕੇਸ ਵਿੱਚ ਉਲਝੇ ਹੋਏ ਹਨ। ਪੰਜਾਬ ਦੇ ਇਕ ਹੋਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ 'ਤੇ ਸੀਰੀਅਸ ਕ੍ਰਿਮੀਨਲ ਕੇਸ ਚੱਲ ਰਿਹਾ ਹੈ। ਉਹ ਹੈ 302 ਯਾਨਿ ਕਿ ਕਤਲ ਕੇਸ ਵਿੱਚ ਫਸੇ ਹੋਏ ਹਨ। ਧਾਲੀਵਾਲ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਉਹਨਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਗਈ ਹੈ।
ਇਨ੍ਹਾਂ ਮੰਤਰੀਆਂ ਉੱਤੇ ਵੀ ਗੰਭੀਰ ਕਿਸਮ ਦੇ ਕੇਸ: ਲੁਧਿਆਣਾ ਪੂਰਬੀ ਤੋਂ ਆਪ ਵਿਧਾਇਕ ਦਲਜੀਤ ਸਿੰਘ ਗਰੇਵਾਲ 'ਤੇ ਵੀ ਧਾਰਾ 307 (ਇਰਾਦਾ ਏ ਕਤਲ) ਤਹਿਤ ਕ੍ਰਿਮੀਨਲ ਕੇਸ ਚੱਲ ਰਿਹਾ ਹੈ। ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ 'ਤੇ ਸਭ ਤੋਂ ਵੱਧ ਕੇਸ ਦਰਜ ਹਨ। ਜਿਹਨਾਂ ਵਿਚ ਜੂਆ ਖੇਡਣਾ, ਗੈਰ ਕਾਨੂੰਨੀ ਤਰੀਕੇ ਨਾਲ ਕੈਦ ਕਰਕੇ ਰੱਖਣਾ, ਅਰਮਸ ਐਕਟ, ਸੂਚਨਾ ਤੈਕਨੋਲਜੀ ਐਕਟ, ਸਰਕਾਰੀ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਰੋਕਣਾ ਵਰਗੇ ਗੰਭੀਰ ਸ਼੍ਰੇਣੀ ਵਿਚ ਆਉਂਦੇ ਅਪਰਾਧਾਂ ਤਹਿਤ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ 'ਤੇ ਡਾਕਟਰੀ ਕਿੱਤੇ ਦੌਰਾਨ ਲਾਪਰਵਾਹੀ (ਧਾਰਾ 269, 337), ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ 'ਤੇ ਔਰਤਾਂ ਨਾਲ ਛੇੜਛਾੜ ਕਰਨ ਨਾਲ ਸਬੰਧਤ ਦੋ ਐਫਆਈਆਰ ਸਮੇਤ ਪੰਜ ਕੇਸ ਚੱਲ ਰਹੇ ਹਨ। ਨਕੋਦਰ ਸੀਟ ਤੋਂ ਇੰਦਰਜੀਤ ਕੌਰ ਮਾਨ ਦਾ ਨਾਂ ਕਥਿਤ ਨਾਜਾਇਜ਼ ਮਾਈਨਿੰਗ ਕੇਸ ਵਿੱਚ ਸ਼ਾਮਲ ਹੈ। ਉਹਨਾਂ ਦੇ ਚੋਣ ਘੋਸ਼ਣਾ ਪੱਤਰ ਵਿਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਰਾਹੋਂ ਥਾਣੇ ਵਿੱਚ ਮਾਈਨਜ਼ ਐਂਡ ਮਿਨਰਲਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵੱਡੇ ਮੰਤਰੀ ਵੀ ਕ੍ਰਿਮਨਲ ਸੂਚੀ ਵਿੱਚ : ਲੰਬੀ ਤੋਂ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ‘ਆਪ’ ਦੇ ਆਗੂ ਗੁਰਮੀਤ ਖੁੱਡੀਆਂ ‘ਤੇ ਅਸਲਾ ਐਕਟ ਤਹਿਤ ਕੇਸ ਚੱਲ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਪੰਜਾਬ ਦੇ 117 ਹਲਕਿਆਂ ਵਿਚ 58 ਉਮੀਦਵਾਰ ਅਜਿਹੇ ਹਨ। ਜਿਹਨਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਯਾਨਿ ਕਿ ਵਿਧਾਨ ਸਭਾ ਵਿਚ 50 ਪ੍ਰਤੀਸ਼ਤ ਨੁਮਾਇੰਦੇ ਅਜਿਹੇ ਹਨ ਜਿਹਨਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਵਿਚ ਸਭ ਤੋਂ ਜ਼ਿਆਦਾ ਕੇਸ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਹਨ। ਇਹਨਾਂ ਅਪਰਾਧਾਂ ਵਿਚ ਵੱਧ ਤੋਂ ਵੱਧ ਸਜ਼ਾ 5 ਸਾਲ ਦੀ ਹੈ ਅਤੇ ਕੁਝ ਵਿਚ ਗੈਰ ਜ਼ਮਾਨਤੀ ਧਾਰਾਵਾਂ ਵੀ ਹਨ। ਮੰਤਰੀਆਂ ਅਤੇ ਵਿਧਾਇਕਾਂ 'ਤੇ ਅਪਰਾਧਿਕ ਕੇਸਾਂ ਦੀ ਜਾਣਕਾਰੀ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿਚ ਦਰਜ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੀ ਕੇਸ ਤੋਂ ਵਾਂਝੇ ਨਹੀਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸਨ ਉਹਨਾਂ ਉੱਤੇ ਵੀ ਕੇਸ ਦਰਜ ਹੋਇਆ ਸੀ। ਦਰਅਸਲ ਆਮ ਆਦਮੀ ਪਾਰਟੀ ਜਦੋਂ ਪੰਜਾਬ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਸੀ ਤਾਂ ਉਹਨਾਂ ਵੱਲੋਂ ਸਾਲ 2020 ਦੌਰਾਨ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਉਹ ਬਤੌਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਆਪ ਆਗੂਆਂ ਸਮੇਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਸਨ। ਉਥੇ ਪੁਲਿਸ ਨਾਲ ਉਹਨਾਂ ਦੀ ਧੱਕਾ ਮੁੱਕੀ ਹੋਈ। ਭਗਵੰਤ ਮਾਨ ਸਮੇਤ 35 ਆਪ ਆਗੂਆਂ ਤੇ ਧਾਰਾ 147, 149, 332, 353 ਤਹਿਤ ਕੇਸ ਦਰਜ ਕੀਤੇ ਗਏ। ਆਪ ਵਿਧਾਇਕ ਬਲਜਿੰਦਰ ਕੌਰ ਨੂੰ ਤਾਂ ਇਸ ਮਾਮਲੇ ਵਿਚ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਕਿਉਂਕਿ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ ਸਨ। ਹਾਲਾਂਕਿ ਬਾਅਦ ਵਿਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Encounter between police and gangsters in Jagraon: ਜਗਰਾਓ 'ਚ ਪੁਲਿਸ ਤੇ ਗੈਂਗਸਟਰਾਂ ਵਿੱਚ ਮੁਠਭੇੜ
ਕਿਹੜੇ ਵਿਧਾਇਕ/ਮੰਤਰੀ 'ਤੇ ਕਿੰਨੇ ਕੇਸ? ਭਾਰਤੀ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ ਮੰਤਰੀ ਕੁਲਦੀਪ ਧਾਲੀਵਾਲ 'ਤੇ 1, ਅੰਮ੍ਰਿਤਸਰ ਪੂਰਬੀ ਤੋਂ ਆਪ ਵਿਧਾਇਕ ਜੀਵਨਜੋਤ ਕੌਰ 'ਤੇ 1, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਝਰ 'ਤੇ 1, ਬਾਬਾ ਬਕਾਲਾ ਤੋਂ ਦਲਬੀਰ ਸਿੰਘ ਢੌਂਗ 'ਤੇ 1, ਬਰਨਾਲਾ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 'ਤੇ 5, ਬੱਸੀ ਪਠਾਣਾਂ ਤੋਂ ਰੁਪਿੰਦਰ ਸਿੰਘ ਹੈਪੀ 'ਤੇ 2, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਉੱਤੇ 1, ਭੋਆ ਤੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉੱਤੇ 1, ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਉੱਤੇ 1, ਦਿੜਬਾ ਤੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਉੱਤੇ 1, ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਉੱਤੇ 1, ਫ਼ਿਰੋਜ਼ਪੁਰ ਸ਼ਹਿਰੀ ਤੋਂ ਰਣਵੀਰ ਸਿੰਘ ਭੁੱਲਰ ਉੱਤੇ 1, ਗੜਸ਼ੰਕਰ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਉੱਤੇ 4, ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ ਉੱਤੇ ਇਕ, ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਉੱਤੇ 1, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਉੱਤੇ ਸਭ ਤੋਂ ਜ਼ਿਆਦਾ 9 ਕੇਸ, ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਉੱਤੇ 1, ਸਰਦੂਲਗੜ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਉੱਤੇ 1, ਤਲਵੰਡੀ ਸਾਬੋ ਤੋਂ ਆਪ ਵਿਧਾਇਕ ਬਜਿੰਦਰ ਕੌਰ ਉੱਤੇ 3, ਸੁਨਾਮ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਉੱਤੇ 3 ਕੇਸ ਦਰਜ ਹਨ।