ਚੰਡੀਗੜ੍ਹ : ਚੋਣਾਂ ਜਦੋਂ ਵੀ ਆਉਂਦੀਆਂ ਹਨ ਸਿਆਸੀ ਹਨੇਰੀ ਕਈ "ਪੱਤਿਆਂ" ਅਤੇ ਕਈ ਵੱਡੇ "ਰੁੱਖਾਂ" ਨੂੰ ਵੀ ਜੜ੍ਹੋਂ ਉਖਾੜ ਦਿੰਦੀ ਹੈ। ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਕਈ ਵੱਡੇ ਹੇਰ-ਫੇਰ ਵੇਖਣ ਨੂੰ ਮਿਲਦੇ ਹਨ। ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਕਈ ਨਵੀਆਂ ਬੁਨਤੀਆਂ ਬੁਨੀਆਂ ਗਈਆਂ, ਜਿਨ੍ਹਾਂ ਵਿਚ ਭਾਜਪਾ ਸਭ ਤੋਂ ਮੋਹਰੀ ਹੈ। ਭਾਜਪਾ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਰਣਨੀਤੀ ਕਈ ਚਿਰ ਪਹਿਲਾਂ ਹੀ ਉਲੀਕਨੀ ਸ਼ੁਰੂ ਕਰ ਕੀਤੀ ਅਤੇ ਚੋਣਾਂ ਨੇੜੇ ਆਉਂਦਿਆਂ ਆਉਂਦਿਆਂ ਭਾਜਪਾ ਨੇ ਪੰਜਾਬ ਵਿਚ ਕਈ ਵੱਡਿਆਂ ਚਿਹਰਿਆਂ 'ਤੇ ਦਾਅ ਲਾਇਆ।
ਸ਼ੁਰੂ ਤੋਂ ਹੀ ਪੰਜਾਬ ਵਿੱਚ ਪੈਰ ਪਸਾਰਨਾਂ ਚਾਹੁੰਦੀ ਭਾਜਪਾ : ਪੰਜਾਬ ਦੇ ਵਿਚ ਆਪਣੇ ਪੈਰ ਪਸਾਰਨ ਦੀਆਂ ਕੋਸ਼ਿਸ਼ਾਂ ਭਾਜਪਾ ਕਾਫ਼ੀ ਸਮੇਂ ਤੋਂ ਕਰ ਰਹੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਚਿਹਰੇ ਭਾਜਪਾ ਵਿਚ ਚੱਲੇ ਗਏ। ਭਾਜਪਾ ਦੀ ਲੋਕਲ ਲੀਡਰਸ਼ਿਪ ਮੀਟਿੰਗਾਂ ਦੇ ਵਿਚ ਰੁਝੀ ਹੋਈ ਅਤੇ ਪੰਜਾਬ ਲਈ ਤਕੜੀ ਰਣਨੀਤੀ ਉਲੀਕ ਰਹੀ ਹੈ। ਜ਼ਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਕਿਲ੍ਹੇ ਨੂੰ ਸੰਨ੍ਹ ਲਾਉਂਦਿਆਂ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਚਰਨਜੀਤ ਅਟਵਾਲ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ। ਇੰਦਰ ਇਕਲਬਾਲ ਸਿੰਘ ਅਟਵਾਲ ਨੂੰ ਤਾਂ ਭਾਜਪਾ ਦਾ ਜਲੰਧਰ ਤੋਂ ਉਮੀਦਵਾਰ ਵੀ ਐਲਾਨਿਆ ਗਿਆ।
ਪੰਜਾਬ ਦੇ ਵੱਡੇ ਸੀਨੀਅਰ ਆਗੂਆਂ ਦਾ ਝੁਕਾਅ ਹੌਲੀ ਹੌਲੀ ਭਾਜਪਾ ਵੱਲ ਵਧਿਆ : ਹੌਲੀ ਹੌਲੀ ਭਾਜਪਾ ਆਪਣਾ ਕੁਨਬਾ ਵਧਾ ਰਹੀ ਹੈ। ਪੰਜਾਬ ਦੇ ਵੱਡੇ ਸੀਨੀਅਰ ਆਗੂਆਂ ਦਾ ਝੁਕਾਅ ਹੌਲੀ ਹੌਲੀ ਭਾਜਪਾ ਵੱਲ ਵੱਧ ਰਿਹਾ ਹੈ। ਹਾਲ ਹੀ 'ਚ ਬੀਬੀ ਜਗੀਰ ਕੌਰ ਅਤੇ ਬੈਂਸ ਭਰਾਵਾਂ ਨੇ ਵੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਭਾਜਪਾ ਦੀਆਂ ਸਰਗਰਮੀਆਂ ਬਾਦਲ ਪਰਿਵਾਰ ਵਿਚ ਜ਼ਿਆਦਾ ਵੇਖਣ ਨੂੰ ਮਿਲੀਆਂ।ਇਹ ਤਾਂ ਜ਼ਿਮਨੀ ਚੋਣਾਂ ਦੀ ਗੱਲ ਹੈ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਸੀ। ਹੁਣ 2024 ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਆਪਣਾ ਪ੍ਰਭਾਵ ਛੱਡਣ ਲਈ ਭਾਜਪਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਬੈਕਫੁੱਟ 'ਤੇ ਆਈ ਭਾਜਪਾ ਨੇ ਉਲੀਕੀ ਵਿਸ਼ੇਸ਼ ਰਣਨੀਤੀ : ਇਕ ਉਹ ਸਮਾਂ ਸੀ ਜਦੋਂ 3 ਖੇਤੀ ਕਾਨੂੰਨਾਂ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਜਿਸਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਵਿਚ ਵੇਖਣ ਨੂੰ ਮਿਿਲਆ। ਪੰਜਾਬ ਦੇ ਵਿਚ ਭਾਜਪਾ ਲੀਡਰਾਂ ਦਾ ਵਿਚਰਣਾ ਅਤੇ ਲੋਕਾਂ ਵਿਚ ਜਾਣਾ ਮੁਹਾਲ ਹੋ ਗਿਆ। ਭਾਜਪਾ ਲੀਡਰਾਂ ਦਾ ਆਮ ਜਨਤਾ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ। ਜਿਸਦਾ ਭਾਜਪਾ ਨੂੰ ਇਲਮ ਸੀ ਕਿ ਪੰਜਾਬ ਵਿਚੋਂ ਉਹਨਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ। ਕਿਸਾਨ ਅੰਦੋਲਨ ਖ਼ਤਮ ਹੁੰਦਿਆਂ ਹੀ ਭਾਜਪਾ ਨੇ ਪੰਜਾਬ ਵਿਚ ਰਣਨੀਤੀ ਉਲੀਕੀ ਅਤੇਨ ਵੱਡੇ ਸਿੱਖ ਚਿਹਰੇ ਭਾਜਪਾ ਸ਼ਾਮਿਲ ਹੋ ਗਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪੰਜਾਬ ਦੇ ਸਾਬਕਾ ਡੀਜੀਪੀ ਐਸਐਸ ਵਿਰਕ ਸਣੇ ਕਈ ਵੱਡੇ ਆਗੂ ਭਾਜਪਾ ਦਾ ਹਿੱਸਾ ਬਣੇ। ਕਈ ਸਾਬਕਾ ਸੀਨੀਅਰ ਆਈਏਐਸ ਅਫ਼ਸਰ ਭਾਜਪਾ ਦੇ ਥਿੰਕ ਟੈਂਕ ਵਜੋਂ ਕੰਮ ਕਰ ਰਹੇ ਹਨ। ਭਾਜਪਾ ਆਪਣੀਆਂ ਜੜਾਂ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
2024 ਲੋਕ ਸਭਾ ਚੋਣਾਂ ਲਈ ਭਾਜਪਾ ਦਾ ਏਜੰਡਾ : ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਕਹਿੰਦੇ ਹਨ ਕਿ ਪੰਜਾਬ ਵਿਚ ਹੋ ਰਹੀਆਂ ਗਤੀਵਿਧੀਆਂ ਅਤੇ ਅਣਸੁਖਾਵੀਆਂ ਘਟਨਾਵਾਂ 'ਤੇ ਭਾਜਪਾ ਦੀ ਪੂਰੀ ਨਜ਼ਰ ਹੈ। ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ ਜਾਂ ਕੋਈ ਹੋਰ ਘਟਨਾ ਭਾਜਪਾ ਨੇ ਹਮੇਸ਼ਾ ਪੰਜਾਬ ਵਿਚ ਆਪਣਾ ਇਹ ਅਸਰ ਛੱਡਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਕੋਲ ਤਾਕਤ ਹੈ ਅਤੇ ਉਹ ਇਹਨਾਂ ਤਮਾਮ ਮਸਲਿਆਂ ਦਾ ਹੱਲ ਕਰ ਸਕਦੀ ਹੈ। 2024 ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਆਪਣਾ ਏਜੰਡਾ ਸੈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪੰਜਾਬ ਦੀਆਂ 13 ਸੀਟਾਂ ਵਿਚੋਂ ਭਾਜਪਾ ਦੇ 3 ਜਾਂ 4 ਐਮ ਪੀ ਬਣ ਗਏ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਭਾਜਪਾ ਦਾ ਭਵਿੱਖ ਪੰਜਾਬ ਵਿਚ ਸ਼ਾਨਦਾਰ ਹੈ।
ਇਹ ਵੀ ਪੜ੍ਹੋ : PM Modi Raod Show: PM ਮੋਦੀ ਦਾ ਬੈਂਗਲੁਰੂ ਵਿੱਚ ਮੈਗਾ ਰੋਡ ਸ਼ੋਅ, 18 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗਾ ਰੋਡ ਸ਼ੋਅ
ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਨਵੀਆਂ ਚਰਚਾਵਾਂ : ਸਿਆਸਤ ਵਿਚ ਸਭ ਕੁਝ ਜਾਇਜ਼ ਹੈ। ਆੳੇੁਣ ਵਾਲੇ ਸਮੇਂ ਕੀ ਕੁਝ ਹੋਣਾ ਇਹ ਤਾਂ ਉਸ ਵਕਤ ਹੀ ਪਤਾ ਚੱਲੇਗਾ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਕਈ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਤੋਂ ਗੱਠਜੋੜ ਨੂੰ ਲੈ ਕੇ। ਹਾਲਾਂਕਿ ਭਾਜਪਾ ਮੁੜ ਤੋਂ ਗੱਠਜੋੜ ਨੂੰ ਸੁਰਜੀਤ ਕਰਨ ਦੀ ਹਾਮੀ ਨਹੀਂ ਭਰ ਰਹੀ ਪਰ ਸਿਆਸੀ ਗਲਿਆਰਿਆਂ ਵਿਚ ਇਸਦੀ ਚਰਚਾ ਪੁਰਜੋਰ ਹੈ। ਬਲਜੀਤ ਮਰਵਾਹਾ ਕਹਿੰਦੇ ਹਨ ਬਾਦਲ ਦੇ ਅੰਤਿਮ ਸਸਕਾਰ ਤੋਂ ਲੈ ਕੇ ਭੋਗ ਤੱਕ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਆਉਣਾ ਆਦਰ ਦੇ ਪ੍ਰਤੀਕ ਵਜੋਂ ਹੈ। ਜੋ ਚਰਚਾਵਾਂ ਕਹਿੰਦੀਆਂ ਹਨ ਉਹਨਾਂ ਦੀ ਅਜੇ ਨਾ ਤਾਂ ਹਾਮੀ ਭਰੀ ਜਾ ਸਕਦੀ ਹੈ ਅਤੇ ਨਾ ਹੀ ਇਨਕਾਰ ਕੀਤਾ ਜਾ ਸਕਦਾ ਹੈ।