ਚੰਡੀਗੜ੍ਹ: ਲੋਹੜੀ ਮੌਕੇ ਮੂੰਗਫਲੀ, ਰਿਓੜੀਆਂ, ਗੱਚਕ ਅਤੇ ਫੁਲੇ ਖਾਸ ਤੌਰ 'ਤੇ ਖਾਧੀਆਂ ਜਾਂਦੀਆਂ ਹਨ। ਰਿਵਾਇਤਾਂ ਤੋਂ ਇਹ ਚੀਜ਼ਾਂ ਲੋਹੜੀ ਦੇ ਤਿਉਹਾਰ ਨਾਲ ਜੁੜੀਆਂ ਹੋਈਆਂ ਹਨ। ਲੋਹੜੀ ਤੋਂ 2-3 ਦਿਨ ਪਹਿਲਾਂ ਬਜ਼ਾਰਾਂ ਵਿੱਚ ਦੁਕਾਨਾਂ ਸੱਜ ਜਾਂਦੀਆਂ ਹਨ। ਹਾਲਾਂਕਿ ਸਰਦੀਆਂ ਦੇ ਮੌਸਮ ਵਿਚ ਇਹ ਸਮਾਨ ਵਿੱਕਦਾ ਰਹਿੰਦਾ ਹੈ, ਪਰ ਲੋਹੜੀ ਮੌਕੇ ਇਸਦੀ ਖਾਸ ਮਹੱਤਤਾ ਹੁੰਦੀ ਹੈ। ਆਮ ਤੌਰ 'ਤੇ ਪੰਜਾਬ ਵਿਚ ਜ਼ਿਆਦਾ ਦੁਕਾਨਦਾਰ ਉਹ ਹਨ, ਜੋ ਪ੍ਰਵਾਸੀ ਅਤੇ ਲੰਮੇਂ ਸਮੇਂ ਤੋਂ ਪੰਜਾਬ ਵਿਚ ਰਹਿ ਰਹੇ ਹਨ। ਉਹ ਲੋਹੜੀ ਬਾਰੇ ਕੀ ਸੋਚਦੇ ਹਨ, ਕਿੰਨੇ ਸਾਲਾਂ ਤੋਂ ਪੰਜਾਬ ਵਿਚ ਲੋਹੜੀ ਮੌਕੇ ਦੁਕਾਨਾਂ ਲਗਾਉਂਦੇ ਹਨ ਅਤੇ ਲੋਹੜੀ ਦੇ ਉਹਨਾਂ ਲਈ ਮਾਇਨੇ ਕੀ ਹਨ ? ਇਸ ਸਬੰਧੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ।
ਪ੍ਰਵਾਸੀ ਕਾਮਿਆਂ ਲਈ ਲੋਹੜੀ ਦੀ ਮਹੱਤਤਾ ? ਲੋਹੜੀ ਮੌਕੇ ਰੇਹੜੀ ਲਗਾਉਣ ਵਾਲੇ ਸਮੂਨ ਖਾਨ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਰਹਿ ਰਹੇ ਹਨ ਪਰ ਪਿਛਲੇ ਡੇਢ ਮਹੀਨੇ ਤੋਂ ਮੂੰਗਫਲੀ ਅਤੇ ਗੱਚਕ ਦੀ ਰੇਹੜੀ ਲਗਾ ਰਹੇ ਹਨ। ਪਰ ਲੋਹੜੀ ਕੀ ਹੈ ਅਤੇ ਕਿਉਂ ਮਨਾਈ ਜਾਂਦੀ ਹੈ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਅਤੇ ਨਾ ਹੀ ਉਹਨਾਂ ਨੇ ਕਦੀ ਲੋਹੜੀ ਮਨਾਈ ਹੈ। ਹਾਂ ਪਰ ਲੋਕਾਂ ਨੂੰ ਲੋਹੜੀ ਮਨਾਉਂਦੇ ਵੇਖਿਆ ਜ਼ਰੂਰ ਹੈ ਉਹਨਾਂ ਦੱਸਿਆ ਕਿ ਅੱਗ ਜਲਾ ਕੇ ਲੋਹੜੀ ਮਨਾਈ ਜਾਂਦੀ ਹੈ।
ਪ੍ਰਵਾਸੀ ਦੁਕਾਨਦਾਰ ਨੂੰ ਲੋਹੜੀ ਮਨਾਉਣ ਬਾਰੇ ਨਹੀਂ ਪਤਾ:- ਇਕ ਹੋਰ ਦੁਕਾਨਦਾਰ ਸਲੀਮ ਦਾ ਕਹਿਣਾ ਹੈ ਕਿ ਉਹ ਪਿਛਲੇ 11 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਮੂੰਗਫਲੀ, ਰਿਓੜੀ, ਗੱਚਕ, ਪੌਪਕੋਰਨ ਵੇਚਦੇ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਸਮਾਨ ਇਹਨਾਂ ਦਿਨਾਂ ਵਿਚ ਜ਼ਿਆਦਾ ਕਿਉਂ ਵਿੱਕਦਾ ਹੈ ਤਾਂ ਸਲੀਮ ਨੇ ਜਵਾਬ ਦਿੱਤਾ ਕਿ ਠੰਢ ਦੀ ਵਜ੍ਹਾ ਤੋਂ ਇਹ ਸਮਾਨ ਵੇਚਿਆ ਜਾਂਦਾ ਹੈ। ਉਹਨਾਂ ਨੂੰ ਪੁੱਛਿਆ ਗਿਆ ਕਿ ਲੋਹੜੀ ਕਿਉਂ ਮਨਾਈ ਜਾਂਦੀ ਹੈ ਤਾਂ ਜਵਾਬ ਮਿਲਿਆ ਕਿ ਖੁਸ਼ੀ ਲਈ ਲੋਹੜੀ ਮਨਾਈ ਜਾਂਦੀ ਹੈ। ਉਹਨਾਂ ਆਖਿਆ ਕਿ ਲੋਹੜੀ ਸਰਦਾਰ ਲੋਕਾਂ ਦਾ ਤਿਉਹਾਰ ਹੈ, ਇਸ ਲਈ ਮਨਾਈ ਜਾਂਦੀ ਹੈ।
ਲੋਹੜੀ ਕਿਉਂ ਮਨਾਈ ਜਾਂਦੀ ਹੈ ? ਇਸ ਦੌਰਾਨ ਲੋਹੜੀ ਮੌਕੇ ਲੱਕੜਾਂ ਵੇਚਣ ਵਾਲੀ ਰੀਨੂ ਨੇ ਦੱਸਿਆ ਕਿ ਉਹ ਬਚਪਨ ਤੋਂ ਲੋਹੜੀ ਮੌਕੇ ਲੱਕੜਾਂ ਵੇਚਣ ਦਾ ਕੰਮ ਕਰ ਰਹੀ ਹੈ। ਹਰ ਸਾਲ ਲੋਹੜੀ ਮੌਕੇ ਉਹਨਾਂ ਵੱਲੋਂ ਲੱਕੜਾਂ ਵੇਚਣ ਦਾ ਕੰਮ ਕੀਤਾ ਜਾਂਦਾ ਹੈ 15- 20 ਸਾਲਾਂ ਤੋਂ ਉਹ ਇਸ ਕਿੱਤੇ ਵਿਚ ਹਨ। ਇਸ ਸਵਾਲ ਦੇ ਜਵਾਬ ਰੀਨੂ ਨੇ ਨਾਂਹ ਵਿਚ ਦਿੱਤਾ। ਉਸਨੇ ਕਿਹਾ ਕਿ ਲੋਹੜੀ ਦਾ ਤਾਂ ਨਹੀਂ ਪਤਾ ਕਿ ਕਿਉਂ ਮਨਾਈ ਜਾਂਦੀ ਹੈ। ਪਰ ਹਰ ਸਾਲ ਲੋਹੜੀ ਮੌਕੇ ਲੱਕੜਾਂ ਉਸ ਵੱਲੋਂ ਲੱਕੜਾਂ ਜ਼ਰੂਰ ਵੇਚੀਆਂ ਜਾਂਦੀਆਂ ਹਨ। ਜਿਸ ਨਾਲ ਉਸ ਨੂੰ ਚੋਖੀ ਕਮਾਈ ਹੋ ਜਾਂਦੀ ਹੈ।
ਰੀਨੂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਲੱਕੜਾਂ ਦੀ ਸੇਲ ਲਗਾ ਰੱਖੀ ਹੈ ਅਤੇ ਲੋਕ ਧੜਾਧੜ ਲੱਕੜਾਂ ਖਰੀਦਣ ਆ ਰਹੇ ਹਨ। ਆਮ ਦਿਨਾਂ ਦੇ ਵਿਚ ਉਹ ਮਿੱਟੀ ਦੇ ਭਾਂਡੁ ਬਣਾਉਣ ਦਾ ਕੰਮ ਕਰਦੇ ਹਨ। ਰੀਨੂ ਨੇ ਦੱਸਿਆ ਕਿ ਉਸਨੂੰ ਵੀ ਲੋਹੜੀ ਦਾ ਤਿਉਹਾਰ ਬਹੁਤ ਪਸੰਦ ਹੈ ਲੋਹੜੀ ਦੇ ਦਿਨਾਂ ਵਿਚ ਆਮ ਨਾਲੋਂ ਜ਼ਿਆਦਾ ਕਮਾਈ ਹੋ ਜਾਂਦੀ ਹੈ। ਪ੍ਰਵਾਸੀ ਕਾਮਿਆਂ ਵਿਚੋਂ ਬਹੁਤਿਆਂ ਨੂੰ ਤਾਂ ਲੋਹੜੀ ਦੇ ਅਰਥ ਅਤੇ ਮਹੱਤਤਾ ਦਾ ਨਹੀਂ ਪਤਾ ਪਰ ਲੋਹੜੀ ਦੇ ਤਿਉਹਾਰ ਤੇ ਉਹ ਵੀ ਉਤਸ਼ਾਹਿਤ ਹਨ ਕਿਉਂਕਿ ਆਮ ਦਿਨਾਂ ਨਾਲੋਂ ਜ਼ਿਆਦਾ ਉਹਨਾਂ ਵਿਕਰੀ ਹੁੰਦੀ ਹੈ। ਲੋਹੜੀ ਕਿਉਂ ਮਨਾਈ ਜਾਂਦੀ ਹੈ, ਇਸਦਾ ਬੇਸ਼ੱਕ ਉਹਨਾਂ ਨੂੰ ਪਤਾ ਨਾ ਹੋਵੇ। ਪਰ ਲੋਹੜੀ ਮੌਕੇ ਖਰੀਦੀ ਜਾਣ ਵਾਲੀ ਇਕ ਇਕ ਚੀਜ਼ ਤੋਂ ਉਹ ਬਾਖੂਬੀ ਜਾਣੂ ਹਨ।
ਇਹ ਵੀ ਪੜੋ:- ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ 'ਚ ਲੋਹੜੀ ਮੇਲੇ ਦਾ ਹੋਇਆ ਆਗਾਜ਼