ਚੰਡੀਗੜ: ਸੂਬੇ ਵਿੱਚ ਵੱਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ ਜੰਗ ਵਰਗੀ ਤਿਆਰੀ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਤਰ੍ਹਾਂ ਦੇ ਹੰਗਾਮੀ ਕਦਮਾਂ ਦਾ ਐਲਾਨ ਕੀਤਾ।
ਜਾਰੀ ਹੋਏ ਨਵੇਂ ਨਿਯਮ -
- ਸ਼ੁੱਕਰਵਾਰ ਤੋਂ ਹੀ ਹਫ਼ਤੇ ਦੇ ਅੰਤਲੇ ਦਿਨਾਂ (ਵੀਕਐਂਡ) ਲਈ ਲੌਕਡਾਊਨ ਜਾਰੀ ਰਹੇਗਾ।
- ਸੂਬੇ ਦੇ 167 ਸ਼ਹਿਰਾਂ/ਕਸਬਿਆਂ ਵਿੱਚ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਦਾ ਐਲਾਨ।
- 31 ਤੱਕ ਅਗਸਤ ਤੱਕ ਸਿਰਫ਼ ਵਿਆਹ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਸੂਬੇ ਭਰ ਵਿੱਚ ਹਰ ਤਰ੍ਹਾਂ ਦੇ ਇਕੱਠਾਂ ਉਤੇ ਪਾਬੰਦੀ।
- ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ 50 ਫ਼ੀਸਦੀ ਸਟਾਫ਼ ਨਾਲ ਖੁੱਲ੍ਹਣਗੇ।
- ਅਧਿਕਾਰੀ ਸਰਕਾਰੀ ਦਫਤਰਾਂ ਵਿੱਚ ਜਨਤਕ ਮਹਿਮਾਨਾਂ ਨੂੰ ਸੀਮਤ ਕਰਨ ਅਤੇ ਆਨਲਾਈਨ ਸ਼ਿਕਾਇਤ ਨਿਵਾਰਨ ਸਿਸਟਮ ਨੂੰ ਲਾਗੂ ਕਰਨ।
- ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਐਸ.ਏ.ਐਸ.ਨਗਰ ਵਿੱਚ ਮੁੜ ਵਾਹਨਾਂ ਦੀ ਸਮਰੱਥਾ ਦੀਆਂ ਬੰਦਿਸ਼ਾਂ ਲਾਗੂ।
- ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫ਼ੀਸਦੀ ਦੀ ਸਮਰੱਥਾ।
- ਕਿਸੇ ਵੀ ਨਿੱਜੀ ਵਾਹਨ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ।
- ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਭੀੜ 'ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾਣ।
- 31 ਅਗਸਤ ਤੱਕ ਸਿਆਸੀ ਇਕੱਠਾਂ 'ਤੇ ਮੁਕੰਮਲ ਪਾਬੰਦੀ।
ਕੈਪਟਨ ਨੇ ਕਿਹਾ, ''ਹੁਣ ਬਹੁਤ ਹੋ ਚੁੱਕਿਆ ਹੈ ਅਤੇ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਸਖ਼ਤ ਕਦਮ ਚੁੱਕਣੇ ਪਏ ਹਨ।'' ਮੌਤਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, ''ਹਰੇਕ ਮੌਤ ਨਾਲ ਮੈਨੂੰ ਦੁੱਖ ਹੁੰਦਾ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਸਥਿਤੀ ਦੇ ਵਿਗੜਨ ਦੀਆਂ ਸੰਭਾਵਨਾਂ ਹਨ।''